''ਸੜਕ ਹਾਦਸਿਆਂ ''ਚ ਲੋਕਾਂ ਦੀ ਜਾਨ ਬਚਾਉਣ ਲਈ ਮੋਟਰ-ਗੱਡੀ ਸੋਧ ਬਿੱਲ ਪਾਸ ਹੋਣਾ ਜ਼ਰੂਰੀ''

07/15/2019 4:10:45 PM

ਨਵੀਂ ਦਿੱਲੀ (ਭਾਸ਼ਾ)— ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਦੇਸ਼ ਵਿਚ ਪਿਛਲੇ 5 ਸਾਲਾਂ ਵਿਚ ਹਾਦਸਿਆਂ 'ਚ ਕਮੀ ਲਿਆਉਣ 'ਚ ਉਨ੍ਹਾਂ ਦੇ ਵਿਭਾਗ ਨੂੰ ਸਫਲਤਾ ਨਹੀਂ ਮਿਲੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਮੋਟਰ-ਗੱਡੀ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਸੜਕ ਹਾਦਸਿਆਂ ਤੋਂ ਲੋਕਾਂ ਦੀ ਜਾਨ ਬਚਾਉਣ ਵਿਚ ਮਦਦ ਮਿਲੇਗੀ। ਗਡਕਰੀ ਨੇ ਲੋਕ ਸਭਾ 'ਚ 'ਮੋਟਰ-ਗੱਡੀ (ਸੋਧ) ਬਿੱਲ 2019' ਨੂੰ ਪੇਸ਼ ਕਰ ਦੇ ਹੋਏ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਬਿੱਲ ਪਿਛਲੀ ਲੋਕ ਸਭਾ ਵਿਚ ਪਾਸ ਹੋ ਗਿਆ ਸੀ ਪਰ ਰਾਜ ਸਭਾ ਵਿਚ ਪਾਸ ਨਹੀਂ ਹੋ ਸਕਿਆ ਸੀ। ਗਡਕਰੀ ਮੁਤਾਬਕ ਉਨ੍ਹਾਂ ਨੇ ਰਾਜਸਥਾਨ ਦੇ ਉਸ ਵੇਲੇ ਦੇ ਟਰਾਂਸਪੋਰਟ ਮੰਤਰੀ ਦੀ ਪ੍ਰਧਾਨਗੀ ਵਿਚ ਕਮੇਟੀ ਗਠਿਤ ਕਰ ਕੇ ਇਸ ਵਿਸ਼ੇ ਦਾ ਅਧਿਐਨ ਕਰਵਾਇਆ, ਜਿਸ ਵਿਚ 18 ਸੂਬਿਆਂ ਦੇ ਟਰਾਂਸਪੋਰਟ ਮੰਤਰੀ ਸ਼ਾਮਲ ਰਹੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 5 ਸਾਲਾਂ ਵਿਚ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਬਿੱਲ ਨੂੰ ਪਾਸ ਨਹੀਂ ਕਰਵਾ ਸਕੇ।

ਗਡਕਰੀ ਨੇ ਅੱਗੇ ਕਿਹਾ ਕਿ ਇਸ ਵਿਚ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਸਰਕਾਰ ਸਾਰਿਆਂ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। ਸੜਕ ਹਾਦਸਿਆਂ 'ਚ ਲੋਕਾਂ ਦੀ ਜਾਨ ਬਚਾਉਣ ਲਈ ਬਿੱਲ ਨੂੰ ਸੰਸਦ ਦੀ ਮੋਹਰ ਲਗਵਾਉਣਾ ਜ਼ਰੂਰੀ ਹੈ। ਸੜਕ ਹਾਦਸਿਆਂ ਦੇ ਸੰਦਰਭ 'ਚ ਚਿੰਤਾ ਜ਼ਾਹਰ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਦੇਸ਼ 'ਚ ਸੜਕ ਹਾਦਸਿਆਂ 'ਚ ਸਿਰਫ 3.5 ਤੋਂ 4 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਵਿਭਾਗ ਦੀ ਸਭ ਤੋਂ ਵੱਡੀ ਅਸਫਲਤਾ ਹੈ, ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਦੇਸ਼ 'ਚ ਫਰਜ਼ੀ ਲਾਇਸੈਂਸ ਦੀ ਭਰਮਾਰ ਹੈ ਅਤੇ ਭਾਰਤ ਵਿਚ ਡਰਾਈਵਿੰਗ ਲਾਇਸੈਂਸ ਬਣਵਾਉਣਾ ਸਭ ਤੋਂ ਆਸਾਨ ਹੈ। ਲੋਕਾਂ ਦੇ ਮਨ 'ਚ ਜੁਰਮਾਨਾ ਭਰਨ ਨੂੰ ਲੈ ਕੇ ਕੋਈ ਡਰ ਨਹੀਂ ਹੈ। ਇਸ ਲਈ ਬਿੱਲ ਪਾਸ ਹੋਣਾ ਜ਼ਰੂਰੀ ਹੈ। ਪ੍ਰਸਤਾਵਿਤ ਮੋਟਰ-ਗੱਡੀ ਸੋਧ ਬਿੱਲ 2019 ਸੜਕ ਸੁਰੱਖਿਆ, ਨਾਗਰਿਕਾਂ ਦੀ ਸਹੂਲਤ, ਜਨਤਕ ਟਰਾਂਸਪੋਰਟ ਨੂੰ ਮਜ਼ਬੂਤ ਬਣਾਉਣ ਅਤੇ ਕੰਪਿਊਟਰੀਕਰਨ ਨਾਲ ਸੰਬੰਧਤ ਮੁੱਦਿਆਂ ਦਾ ਹੱਲ ਕਰਨ ਲਈ ਹੈ।

Tanu

This news is Content Editor Tanu