ਨੀਰਵ ਮੋਦੀ ਖਿਲਾਫ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

03/17/2018 9:29:35 PM

ਨਵੀਂ ਦਿੱਲੀ—ਭਾਰਤ ਸਰਕਾਰ, ਈ. ਡੀ., ਸੀ. ਬੀ. ਆਈ. ਜਿਹੀਆਂ ਜਾਂਚ ਏਜੰਸੀਆਂ ਤੋਂ ਬਾਅਦ ਹੁਣ ਕਿਸਾਨਾਂ ਨੇ ਵੀ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮੀਨ 'ਤੇ ਕਿਸਾਨਾਂ ਨੇ ਅਨੋਖਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਖੰਡਾਲਾ ਪਿੰਡ 'ਚ ਕਿਸਾਨਾਂ ਨੇ ਨੀਰਵ ਦੀ ਜ਼ਮੀਨ 'ਤੇ ਆਪਣਾ ਦਾਅਵਾ ਕੀਤਾ ਹੈ।
ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਦੇ ਖੰਡਾਲਾ ਪਿੰਡ 'ਚ ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਭਗੌੜੇ ਨੀਰਵ 'ਤੇ ਦੋਸ਼ ਲਾਇਆ ਕਿ ਉਸ ਨੇ ਕਿਸਾਨਾਂ ਦੀ ਜ਼ਮੀਨ ਨੂੰ ਉਨ੍ਹਾਂ 'ਤੇ ਦਬਾਵ ਬਣਾ ਕੇ ਕਾਫੀ ਘੱਟ ਮੁੱਲ 'ਤੇ ਖਰੀਦ ਲਈ ਸੀ। ਇਹ ਹੀ ਵਜ੍ਹਾ ਸੀ ਕਿ ਕਿਸਾਨ ਨੀਰਵ ਦੀ ਜ਼ਮੀਨ 'ਤੇ ਹੱਲ ਲੈ ਕੇ ਪੁੱਜੇ ਅਤੇ ਉਸ ਨੂੰ ਵਾਹੁਣ ਦੀ ਕੋਸ਼ਿਸ਼ ਕੀਤੀ। ਜ਼ਮੀਨ 'ਤੇ ਹੱਲ ਚਲਾ ਕੇ ਕਿਸਾਨਾਂ ਨੇ ਆਪਣਾ ਦਾਅਵਾ ਪੇਸ਼ ਕੀਤਾ।
ਕਿਸਾਨਾਂ ਨੇ ਕਿਹਾ ਕਿ ਬੈਂਕ ਵਲੋਂ ਨੀਰਵ ਜਿਹੇ ਬੇਈਮਾਨ ਲੋਕਾਂ ਨੂੰ ਕਰੋੜਾਂ ਦਾ ਲੋਨ ਦਿੱਤਾ ਜਾਂਦਾ ਹੈ ਪਰ ਕਿਸਾਨਾਂ ਨੂੰ ਸਿਰਫ 10 ਹਜ਼ਾਰ ਰੁਪਏ ਤਕ ਦਾ ਲੋਨ ਹੀ ਮਿਲਦਾ ਹੈ। ਇਹ ਵਜ੍ਹਾ ਹੈ ਕਿ ਉਨ੍ਹਾਂ ਲੋਕਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਵਿਦੇਸ਼ ਭੱਜ ਗਏ ਨੀਰਵ ਨੇ ਉਨ੍ਹਾਂ ਤੋਂ ਇਹ ਜ਼ਮੀਨ ਇਕ ਤਰ੍ਹਾਂ ਨਾਲ ਹੜੱਪ ਲਈ ਸੀ। ਜਿਸ ਕਾਰਨ ਉਹ ਆਪਣਾ ਹੱਕ ਮੰਗ ਰਹੇ ਹਨ।
ਦੱਸਣਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਦੇਸ਼ ਤੋਂ ਬਾਹਰ ਜਾਣ ਤੋਂ ਬਾਅਦ ਈ. ਡੀ. ਨੇ ਉਸ ਦੀ ਕਰੀਬ 5000 ਕਰੋੜ ਰੁਪਏ ਤੋਂ ਜ਼ਿਆਦਾ ਦੀ ਸੰਪਤੀ ਜ਼ਬਤ ਕਰ ਲਈ ਹੈ। ਹੁਣ ਸੰਪਤੀ ਦੀ ਨਿਲਾਮੀ ਪ੍ਰਕਿਰਿਆ ਵੀ ਸ਼ੁਰੂ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ 12,700 ਕਰੋੜ ਰੁਪਏ ਦੇ ਇਸ ਘੋਟਾਲੇ ਤੋਂ ਬਾਅਦ ਨੀਰਵ ਦੇਸ਼ ਤੋਂ ਬਾਹਰ ਚਲਾ ਗਿਆ ਹੈ।