ਪ੍ਰਧਾਨ ਮੰਤਰੀ ਦੇ ਚੀਨ ਦੌਰੇ ਤੋਂ ਪਹਿਲਾਂ ਨੀਰਵ ਮੋਦੀ ਹਾਂਗਕਾਂਗ ''ਚੋਂ ਫਰਾਰ

04/26/2018 4:29:33 PM

ਮੁੰਬਈ — ਪੀ.ਐੱਨ.ਬੀ. ਨਾਲ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਕੇ ਭਾਰਤ ਵਿਚੋਂ ਭੱਜਿਆ ਹੀਰਾ ਕਾਰੋਬਾਰੀ ਨੀਰਵ ਮੋਦੀ ਹਾਂਗਕਾਂਗ ਨੂੰ ਵੀ ਛੱਡ ਕੇ ਭੱਜ ਗਿਆ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਸਰਕਾਰ ਨੇ ਦੱਸਿਆ ਸੀ ਕਿ ਨੀਰਵ ਮੋਦੀ ਹਾਂਗਕਾਂਗ ਵਿਚ ਹੈ। ਹੁਣ ਖਬਰ ਆ ਰਹੀ ਹੈ ਕਿ ਨੀਰਵ ਮੋਦੀ ਭੱਜ ਤੇ ਅਮਰੀਕਾ ਜਾਂ ਨਿਊਯਾਰਕ ਚਲਾ ਗਿਆ ਹੈ। ਦੱਸਣਯੋਗ ਹੈ ਕਿ ਅੱਜ ਸ਼ਾਮ ਨੂੰ ਹੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਦੌਰੇ 'ਤੇ ਚੀਨ ਜਾ ਰਹੇ ਹਨ।
ਇਕ ਨਿਊਜ਼ ਚੈਨਲ ਅਨੁਸਾਰ ਜਾਂਚ ਕਰਨ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਨੀਰਵ ਮੋਦੀ 1 ਜਨਵਰੀ ਨੂੰ ਮੁੰਬਈ ਤੋਂ ਯੂ.ਏ.ਈ. ਲਈ ਫਰਾਰ ਹੋਇਆ ਸੀ। ਹਾਲਾਂਕਿ ਭਾਰਤੀ ਏਜੰਸੀਆਂ ਦੀ ਲਗਾਤਾਰ ਜਾਂਚ ਅਤੇ ਖੋਜਬੀਨ ਕਾਰਨ ਨੀਰਵ ਮੋਦੀ 2 ਫਰਵਰੀ ਨੂੰ ਯੂ.ਏ.ਈ. ਛੱਡ ਕੇ ਹਾਂਗਕਾਂਗ ਲਈ ਰਵਾਨਾ ਹੋ ਗਿਆ, ਪਰ ਉਥੇ ਵੀ ਸਖਤ ਕਾਨੂੰਨ ਪ੍ਰਕਿਰਿਆ ਕਾਰਨ ਨੀਰਵ ਮੋਦੀ ਦਾ ਹਾਂਗਕਾਂਗ ਵਿਚ ਵੀ ਰੁਕਣਾ ਮੁਸ਼ਕਲ ਹੋ ਗਿਆ। ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਚੀਨ ਦੌਰੇ ਦੌਰਾਨ ਪੇਈਚਿੰਗ ਨਾਲ ਗੱਲਬਾਤ ਦੌਰਾਨ ਨੀਰਵ ਮੋਦੀ ਦੀ ਸੁਪਰਦਗੀ ਮੰਗੀ ਜਾ ਸਕਦੀ ਸੀ।
ਰਿਪੋਰਟ ਅਨੁਸਾਰ ਨੀਰਵ ਮੋਦੀ ਇਸ ਤੋਂ ਬਾਅਦ 15 ਫਰਵਰੀ 2018 ਨੂੰ ਲੰਡਨ ਪਹੁੰਚਿਆ ਅਤੇ ਉਥੇ ਕਰੀਬ 1 ਮਹੀਨੇ ਤੱਕ ਰਿਹਾ। ਇਸ ਤੋਂ ਬਾਅਦ ਮਾਰਚ ਦੇ ਤੀਸਰੇ ਹਫਤੇ ਉਹ ਨਿਊਯਾਰਕ ਚਲਾ ਗਿਆ। ਕੁਝ ਵਪਾਰੀਆਂ ਅਤੇ ਹੋਰ ਲੋਕਾਂ ਨੇ ਨੀਰਵ ਮੋਦੀ ਨੂੰ ਨਿਊਯਾਰਕ ਵਿਚ ਰੀਜੈਂਸੀ ਹੋਟਲ ਦੇ ਆਸ-ਪਾਸ ਦੇਖਿਆ। 
ਜ਼ਿਕਰਯੋਗ ਹੈ ਕਿ ਦੇਸ਼ ਅਤੇ ਬੈਂਕਾਂ ਨਾਲ ਘਪਲਾ ਕਰਕੇ ਭੱਜੇ ਨੀਰਵ ਮੋਦੀ ਨੂੰ ਸਰਕਾਰ ਭਾਰਤ ਵਾਪਸ ਲਿਆਉਣਾ ਚਾਹੁੰਦੀ ਸੀ ਜਿਸ ਲਈ ਭਾਰਤ ਸਰਕਾਰ ਨੇ ਹਾਂਗਕਾਂਗ ਦੇ ਨਿਆਂ ਵਿਭਾਗ ਤੋਂ ਨੀਰਵ ਮੋਦੀ ਦੀ ਸ਼ੁਰੂਆਤੀ ਗ੍ਰਿਫਤਾਰੀ ਲਈ ਅਪੀਲ ਕੀਤੀ ਸੀ। ਜਿਸ ਵਿਚ ਸੀ.ਬੀ.ਆਈ., ਈ.ਡੀ. ਨੇ ਉਸਦੇ ਖਿਲਾਫ ਦਰਜ ਮਾਮਲਿਆਂ ਅਤੇ ਭਾਰਤੀ ਅਦਾਲਤਾਂ ਵਲੋਂ ਮੋਦੀ ਦੇ ਖਿਲਾਫ ਜਾਰੀ ਗੈਰ-ਜ਼ਮਾਨਤੀ ਵਾਰੰਟ ਦਾ ਜ਼ਿਕਰ ਤੱਕ ਕੀਤਾ ਗਿਆ।
ਧਿਆਨਯੋਗ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਪੀ.ਐੱਨ.ਬੀ. ਦੀ ਮੁੰਬਈ ਸਥਿਤ ਬ੍ਰੈਡੀ ਹਾਊਸ ਬ੍ਰਾਂਚ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ 13000 ਕਰੋੜ ਰੁਪਏ ਤੋਂ ਵਧ ਦੀ ਧੋਖਾਧੜੀ ਕੀਤੀ ਅਤੇ ਦੇਸ਼ ਛੱਡ ਕੇ ਭੱਜ ਗਿਆ।