26/11 ਹਮਲੇ ਤੋਂ ਬਾਅਦ ਏਅਰ ਸਟ੍ਰਾਈਕ ਕੀਤੀ ਜਾਣੀ ਸੀ ਪਰ ਨਹੀਂ ਮਿਲੀ ਇਜਾਜ਼ਤ''

03/24/2019 3:33:30 PM

ਹੈਦਰਾਬਾਦ— ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਏਅਰ ਸਟ੍ਰਾਈਕ 'ਤੇ ਸਵਾਲ ਚੁੱਕਣ ਵਾਲੀ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਕਿਹਾ ਕਿ 26/11 ਮੁੰਬਈ ਹਮਲੇ ਤੋਂ ਬਾਅਦ ਵੀ ਏਅਰ ਸਟ੍ਰਾਈਕ ਕੀਤੀ ਜਾਣੀ ਸੀ ਪਰ ਉਸ ਵੇਲੇ ਦੀ ਯੂ. ਪੀ. ਏ. ਸਰਕਾਰ ਨੇ ਉਦੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਸੀਤਾਰਮਨ ਨੇ ਹੈਦਰਾਬਾਦ ਵਿਚ ਸਾਬਕਾ ਫੌਜੀਆਂ ਦੇ ਇਕ ਪ੍ਰੋਗਰਾਮ ਵਿਚ ਕਿਹਾ, ''ਅਜਿਹਾ ਐਕਸ਼ਨ (ਏਅਰ ਸਟ੍ਰਾਈਕ) ਮੁੰਬਈ ਹਮਲਿਆਂ ਤੋਂ ਬਾਅਦ ਲਿਆ ਜਾਣਾ ਚਾਹੀਦਾ ਸੀ। ਮੇਰੇ ਕੋਲ ਕਈ ਅਜਿਹੇ ਕਾਰਨ ਹਨ ਇਹ ਯਕੀਨੀ ਕਰਨ ਲਈ ਕਿ ਫੌਜ ਨੇ ਉਸ ਸਮੇਂ ਵੀ ਸਰਕਾਰ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਕੁਝ ਕਰੀਏ ਤਾਂ ਇਸ ਲਈ ਅਸੀਂ ਤਿਆਰ ਹਾਂ ਪਰ ਕਾਲ ਤੁਹਾਨੂੰ ਲੈਣੀ ਹੋਵੇਗੀ।''


ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀ ਨੇਤਾ ਸੈਮ ਪਿਤਰੋਦਾ ਨੇ ਏਅਰ ਸਟ੍ਰਾਈਕ 'ਤੇ ਸਵਾਲ ਚੁੱਕਦੇ ਹੋਏ ਸਬੂਤ ਮੰਗੇ ਸਨ। ਸੈਮ ਨੇ ਕਿਹਾ ਸੀ, ''ਜੇਕਰ ਸਰਕਾਰ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ 300 ਅੱਤਵਾਦੀ ਮਾਰੇ ਤਾਂ ਸਬੂਤ ਦੇਣ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਲਾਸ਼ਾਂ ਕਿੱਥੇ ਹਨ। ਕਿੰਨੇ ਅੱਤਵਾਦੀ ਮਾਰੇ ਗਏ? ਕਈ ਵਿਦੇਸ਼ੀ ਅਖਬਾਰਾਂ ਦਾ ਕਹਿਣਾ ਹੈ ਕਿ ਭਾਰਤ ਦੇ ਹਮਲੇ ਵਿਚ ਕੋਈ ਨਹੀਂ ਮਾਰਿਆ ਗਿਆ। ਮੈਂ ਜਾਣਨਾ ਚਾਹੁੰਦਾ ਹਾਂ ਕਿ ਅਸਲ ਵਿਚ ਹਮਲਾ ਹੋਇਆ ਸੀ?'' ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ 'ਚ 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਏਅਰ ਸਟ੍ਰਾਈਕ 'ਤੇ ਵਿਰੋਧੀ ਧਿਰ ਲਗਾਤਾਰ ਸਵਾਲ ਚੁੱਕ ਰਿਹਾ ਹੈ।

Tanu

This news is Content Editor Tanu