ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ 'ਚ ਦੇਰੀ, ਦੁਖੀ ਮਾਪੇ ਬੋਲੇ- ਧੀ ਦੀ ਮੌਤ 'ਤੇ ਹੋ ਰਹੀ ਸਿਆਸਤ

01/17/2020 11:37:09 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਮਾਮਲੇ 'ਚ ਫਾਂਸੀ ਦੀ ਤਰੀਕ ਆਉਣ ਤੋਂ ਬਾਅਦ ਵੀ ਦੋਸ਼ੀਆਂ ਦੀ ਫਾਂਸੀ 'ਚ ਦੇਰੀ ਹੁੰਦੀ ਦਿੱਸ ਰਹੀ ਹੈ। ਇਸ ਨਾਲ ਨਿਰਭਯਾ ਦੀ ਮਾਂ ਕਾਫ਼ੀ ਪਰੇਸ਼ਾਨ ਹੈ। ਸ਼ੁੱਕਰਵਾਰ ਨੂੰ ਤਾਂ ਉਹ ਇਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੰਦੇ ਸਮੇਂ ਉੱਚੀ-ਉੱਚੀ ਰੋਣ ਲੱਗ ਗਈ। ਇਸ ਮਾਮਲੇ 'ਚ ਜਿਸ ਤਰ੍ਹਾਂ ਵੀਰਵਾਰ ਨੂੰ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਇਕ-ਦੂਜੇ 'ਤੇ ਦੋਸ਼ ਲਗਾਏ, ਉਸ ਤੋਂ ਨਿਰਭਯਾ ਦੀ ਮਾਂ ਆਸ਼ਾ ਦੇਵੀ ਬਹੁਤ ਦੁਖੀ ਹੈ। 
 

ਮੇਰੀ ਬੱਚੀ ਦੀ ਮੌਤ 'ਤੇ ਰਾਜਨੀਤੀ ਹੋ ਰਹੀ ਹੈ
ਉਨ੍ਹਾਂ ਨੇ ਕਿਹਾ ਕਿ ਇੰਨੇ ਸਾਲਾਂ ਤੱਕ ਮੈਂ ਰਾਜਨੀਤੀ 'ਤੇ ਕਦੇ ਨਹੀਂ ਬੋਲੇ ਪਰ ਅੱਜ ਕਹਿੰਦੀ ਹਾਂ ਕਿ ਜਿਸ ਤਰ੍ਹਾਂ ਮੇਰੀ ਬੱਚੀ ਦੀ ਮੌਤ 'ਤੇ ਰਾਜਨੀਤੀ ਹੋ ਰਹੀ ਹੈ, ਉਹ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ 2012 'ਚ ਘਟਨਾ ਹੋਈ, ਉਦੋਂ ਇਨ੍ਹਾਂ ਲੋਕਾਂ ਨੇ ਹੱਥ 'ਚ ਤਿਰੰਗੇ ਲੈ ਕੇ ਅਤੇ ਕਾਲੀ ਪੱਟੀ ਬੰਨ੍ਹ ਕੇ ਖੂਬ ਨਾਅਰੇ ਲਗਾਏ। ਅੱਜ ਇਹੀ ਲੋਕ ਉਸ ਬੱਚੀ ਦੀ ਮੌਤ ਨਾਲ ਖਿਲਵਾੜ ਕਰ ਰਹੇ ਹਨ।

ਇਕ ਬੱਚੀ ਦੀ ਮੌਤ ਨਾਲ ਮਜ਼ਾਕ ਨਾ ਹੋਣ ਦਿਓ
ਆਸ਼ਾ ਦੇਵੀ ਨੇ ਅੱਗੇ ਕਿਹਾ,''ਤਾਂ ਹੁਣ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ ਇਹ ਤੁਸੀਂ ਆਪਣੇ ਫਾਇਦੇ ਲਈ ਦੋਸ਼ੀਆਂ ਦੀ ਫਾਂਸੀ ਨੂੰ ਰੋਕਿਆ ਹੈ। ਸਾਨੂੰ ਇਸ ਵਿਚ ਮੋਹਰਾ ਬਣਾਇਆ, ਇਨ੍ਹਾਂ ਦੋਹਾਂ ਦਰਮਿਆਨ ਮੈਂ ਫਸੀ ਹਾਂ। ਤਾਂ ਮੈਂ ਕਹਿਣਾ ਚਾਹੁੰਦੀ ਹਾਂ ਖਾਸ ਕਰ ਕੇ ਪ੍ਰਧਾਨ ਮੰਤਰੀ ਜੀ ਨੂੰ ਕਿ ਤੁਸੀਂ 2014 'ਚ ਬੋਲਿਆ ਸੀ, ਬਹੁਤ ਹੋਇਆ ਨਾਰੀ 'ਤੇ ਵਾਰ, 'ਅਬਕੀ ਬਾਰ ਮੋਦੀ ਸਰਕਾਰ'। ਮੈਂ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਨਾਲ ਤੁਸੀਂ ਮੁੜ ਸਰਕਾਰ 'ਚ ਆਏ ਹੋ, ਜਿਸ ਤਰ੍ਹਾਂ ਨਾਲ ਤੁਸੀਂ ਹਜ਼ਾਰਾਂ ਕੰਮ ਕੀਤੇ। ਇਸ ਕਾਨੂੰਨ ਦਾ ਸੋਧ ਕਰੋ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਕ ਬੱਚੀ ਦੀ ਮੌਤ ਨਾਲ ਮਜ਼ਾਕ ਨਾ ਹੋਣ ਦਿਓ। ਉਨ੍ਹਾਂ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ 'ਤੇ ਲਟਕਾਓ ਅਤੇ ਦੇਸ਼ ਨੂੰ ਦਿਖਾਓ ਕਿ ਅਸੀਂ ਦੇਸ਼ ਦੇ ਰੱਖਵਾਲੇ ਹਾਂ। ਔਰਤ ਦੀ ਸੁਰੱਖਿਆ ਕਰਨ ਵਾਲੇ ਹਾਂ।''
 

ਫਾਂਸੀ 'ਚ ਦੇਰੀ ਹੋਈ ਤਾਂ ਕੇਜਰੀਵਾਲ ਹੋਣਗੇ ਜ਼ਿੰਮੇਵਾਰ
ਉੱਥੇ ਹੀ ਦੂਜੇ ਪਾਸੇ ਨਿਰਭਯਾ ਦੇ ਪਿਤਾ ਨੇ ਇਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਸਰਕਾਰ ਉਦੋਂ ਤੱਕ ਸੁੱਤੀ ਰਹੀ, ਜਦੋਂ ਤੱਕ ਅਸੀਂ ਲੋਕ ਅੱਗੇ ਨਹੀਂ ਵਧੇ। ਉਨ੍ਹਾਂ ਨੇ ਕਿਹਾ ਕਿ ਆਖਰ ਦਿੱਲੀ ਸਰਕਾਰ ਨੇ ਜੇਲ ਅਥਾਰਿਟੀ ਨੂੰ ਪਹਿਲਾਂ ਕਿਉਂ ਨਹੀਂ ਕਿਹਾ ਸੀ ਕਿ ਤੁਸੀਂ ਫਾਂਸੀ ਲਈ ਨੋਟਿਸ ਜਾਰੀ ਕਰੋ। ਉਦੋਂ ਤੱਕ ਉਨ੍ਹਾਂ ਨੇ ਜੇਲ ਪ੍ਰਸ਼ਾਸਨ ਨੂੰ ਕੁਝ ਨਹੀਂ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਕੋਈ ਫੈਸਲਾ ਨਹੀਂ ਆਉਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਸੱਤਾ 'ਚ ਆਉਣ ਲਈ ਨਿਰਭਯਾ ਕੇਸ ਦੀ ਵਰਤੋਂ ਕੀਤੀ।

DIsha

This news is Content Editor DIsha