ਨਿਰਭਯਾ ਕੇਸ : ਫਾਂਸੀ ਤੋਂ ਬਚਣ ਲਈ ਦੋਸ਼ੀ ਪਵਨ ਨੇ ਕਿਊਰੇਟਿਵ ਪਟੀਸ਼ਨ ਦਾਖਲ ਕੀਤੀ

02/28/2020 4:38:29 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ 'ਚ ਚੌਥੇ ਦੋਸ਼ੀ ਪਵਨ ਕੁਮਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਖਲ ਕਰ ਕੇ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦੀ ਅਪੀਲ ਕੀਤੀ ਹੈ। ਪਵਨ ਕੁਮਾਰ ਗੁਪਤਾ ਨੂੰ ਵੀ ਤਿੰਨ ਹੋਰ ਦੋਸ਼ੀਆਂ ਨਾਲ 3 ਮਾਰਚ ਸਵੇਰੇ 6 ਵਜੇ ਮੌਤ ਹੋਣ ਤੱਕ ਫਾਂਸੀ 'ਤੇ ਲਟਕਾਉਣ ਲਈ ਸੈਸ਼ਨ ਕੋਰਟ ਨੇ ਡੈੱਥ ਵਾਰੰਟ ਜਾਰੀ ਕੀਤਾ ਹੈ। ਪਵਨ ਦੇ ਵਕੀਲ ਏ.ਪੀ. ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਵਕਿਲ ਨੇ ਕਿਊਰੇਟਿਵ ਪਟੀਸ਼ਨ 'ਚ ਕਿਹਾ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ।

ਪਵਨ ਚਾਰੇ ਦੋਸ਼ੀਆਂ 'ਚੋਂ ਇਕੱਲਾ ਹੈ, ਜਿਸ ਨੇ ਹਾਲੇ ਤੱਕ ਕਿਊਰੇਟਿਟਵ ਪਟੀਸ਼ਨ ਦਾਖਲ ਕਰਨ ਅਤੇ ਇਸ ਤੋਂ ਬਾਅਦ ਰਾਸ਼ਟਰਪਤੀ ਕੋਲ ਦਯਾ ਪਟੀਸ਼ਨ ਦਾਇਰ ਕਰਨ ਦੇ ਬਦਲ ਦੀ ਵਰਤੋਂ ਨਹੀਂ ਕੀਤੀ ਸੀ। ਦੱਸਣਯੋਗ ਹੈ ਕਿ ਦੱਖਣੀ ਦਿੱਲੀ 'ਚ 16-17 ਦਸੰਬਰ 2012 ਦੀ ਰਾਤ 6 ਵਿਅਕਤੀਆਂ ਨੇ ਚੱਲਦੀ ਬੱਸ 'ਚ ਨਿਰਭਯਾ ਨਾਲ ਗੈਂਗਰੇਪ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਜ਼ਖਣੀ ਹਾਲਤ 'ਚ ਉਸ ਨੂੰ ਸੜਕ 'ਤੇ ਸੁੱਟ ਦਿੱਤਾ ਸੀ। ਨਿਰਭਯਾ ਦਾ ਬਾਅਦ 'ਚ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ ਸੀ। ਇਸ ਸਨਸਨੀਖੇਜ ਅਪਰਾਧ ਦੇ 6 ਦੋਸ਼ੀਆਂ 'ਚੋਂ ਇਕ ਰਾਮ ਸਿੰਘ ਨੇ ਤਿਹਾੜ ਜੇਲ 'ਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਸੀ, ਜਦੋਂਕਿ 6ਵਾਂ ਦੋਸ਼ੀ ਕਿਸ਼ੋਰ ਸੀ, ਜਿਸ ਨੂੰ ਤਿੰਨ ਸਾਲ ਸੁਧਾਰ ਗ੍ਰਹਿ 'ਚ ਰੱਖਣ ਤੋਂ ਬਾਅਦ 2015 'ਚ ਰਿਹਾਅ ਕਰ ਦਿੱਤਾ ਗਿਆ ਸੀ।


DIsha

Content Editor

Related News