ਨਿਰਭਯਾ ਕੇਸ : ਨਵਾਂ ਡੈੱਥ ਵਾਰੰਟ ਜਾਰੀ, ਦੋਸ਼ੀਆਂ ਨੂੰ 3 ਮਾਰਚ ਦਿੱਤੀ ਜਾਵੇਗੀ ਫਾਂਸੀ

02/17/2020 6:44:41 PM

ਨਵੀਂ ਦਿੱਲੀ— ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਚਾਰੇ ਦੋਸ਼ੀਆਂ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ। ਕੋਰਟ ਨੇ ਸੋਮਵਾਰ ਨੂੰ ਲਗਭਗ ਇਕ ਘੰਟੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ 3 ਮਾਰਚ ਦੀ ਤਰੀਕ ਤੈਅ ਕੀਤੀ ਹੈ। ਨਵੇਂ ਡੈੱਥ ਵਾਰੰਟ ਅਨੁਸਾਰ 3 ਮਾਰਚ ਸਵੇਰੇ 6 ਵਜੇ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇਗੀ। 

ਇਸ ਤੋਂ ਪਹਿਲਾਂ ਠੀਕ 2 ਵਜੇ ਸ਼ੁਰੂ ਹੋਈ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ 3 ਦੋਸ਼ੀਆਂ ਅਕਸ਼ੈ, ਵਿਨੇ ਅਤੇ ਮੁਕੇਸ਼ ਦੀ ਦਯਾ ਪਟੀਸ਼ਨ ਖਾਰਜ ਹੋ ਚੁਕੀ ਹੈ। ਇਕ ਦੋਸ਼ੀ ਪਵਨ ਵਲੋਂ ਇਸ ਮਾਮਲੇ 'ਚ ਦਯਾ ਪਟੀਸ਼ਨ ਅਤੇ ਕਿਊਰੇਟਿਵ ਪਟੀਸ਼ਨ ਦਾਖਲ ਹੋਣੀ ਬਾਕੀ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਹਾਈ ਕੋਰਟ ਵਲੋਂ ਦਿੱਤੀ ਗਈ ਇਕ ਹਫਤੇ ਦੀ ਮਿਆਦ ਵੀ 11 ਫਰਵਰੀ ਨੂੰ ਖਤਮ ਹੋ ਚੁਕੀ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਫਿਲਹਾਲ ਕਿਸੇ ਵੀ ਦੋਸ਼ੀ ਦੀ ਕੋਈ ਵੀ ਪਟੀਸ਼ਨ ਕਿਸੇ ਵੀ ਕੋਰਟ 'ਚ ਪੈਂਡਿੰਗ ਨਹੀਂ ਹੈ। ਇਸ ਲਈ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। 

ਸਰਕਾਰੀ ਵਕੀਲ ਦੀ ਦਲੀਲ ਤੋਂ ਬਾਅਦ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਵਿਨੇ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੀ ਹਾਲਤ ਇੰਨੀ ਖਰਾਬ ਹੈ ਕਿ ਉਸ ਨੇ 11 ਫਰਵਰੀ ਤੋਂ ਖਾਣਾ-ਪੀਣਾ ਵੀ ਛੱਡ ਦਿੱਤਾ ਹੈ। ਏ.ਪੀ. ਸਿੰਘ ਨੇ ਕੋਰਟ ਨੂੰ ਦੱਸਿਆ ਕਿ ਅੱਜ ਵਿਨੇ ਦੀ ਮਾਂ ਜੇਲ 'ਚ ਉਸ ਨੂੰ ਮਿਲਣ ਗਈ ਸੀ, ਵਿਨੇ ਨੇ ਪੂਰੇ ਸਿਰ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ। ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਕੋਰਟ ਤੋਂ ਵਿਨੇ ਦੀ ਮੈਡੀਕਲ ਰਿਪੋਰਟ ਮੰਗਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਉਸ ਦੇ ਸਿਰ 'ਚ ਵੀ ਕਾਫੀ ਸੱਟ ਲੱਗੀ ਹੈ। ਜੇਲ ਸੁਪਰਡੈਂਟ ਤੋਂ ਰਿਪੋਰਟ ਮੰਗਦੇ ਹੋਏ ਜੇਲ ਮੈਨੁਅਲ ਦਾ ਧਿਆਨ ਰੱਖਣ ਨੂੰ ਕਿਹਾ ਜਾਣਾ ਚਾਹੀਦਾ। ਦੱਸਣਯੋਗ ਹੈ ਕਿ 16 ਦਸੰਬਰ 2012 ਦੀ ਰਾਤ ਦਿੱਲੀ 'ਚ ਚੱਲਦੀ ਬੱਸ 'ਚ 23 ਸਾਲਾ ਪੈਰਾ-ਮੈਡੀਕਲ ਵਿਦਿਆਰਥਣ ਨਾਲ ਗੈਂਗਰੇਪ ਕੀਤਾ ਗਿਆ ਸੀ। ਸਿੰਗਾਪੁਰ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।


DIsha

Content Editor

Related News