ਨਿਰਭਯਾ ਦੇ ਦਰਿੰਦਿਆਂ ਦੀ ਫਾਂਸੀ ਦਾ ਦਿਨ ਨੇੜੇ, ਜੇਲ ਪ੍ਰਸ਼ਾਸਨ ਨੇ ਪੁੱਛੀ ਆਖਰੀ ਇੱਛਾ

01/23/2020 11:53:34 AM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਦੇ ਚਾਰੇ ਦੋਸ਼ੀਆਂ ਨੂੰ 1 ਫਰਵਰੀ 2020 ਨੂੰ ਸਵੇਰੇ 6 ਵਜੇ ਫਾਂਸੀ ਦੇ ਦਿੱਤੀ ਜਾਵੇਗੀ। 7 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਨਿਰਭਯਾ ਨੂੰ ਆਖਰਕਾਰ ਇਨਸਾਫ ਮਿਲੇਗਾ। ਚਾਰੇ ਦੋਸ਼ੀ ਤਿਹਾੜ ਜੇਲ 'ਚ ਬੰਦ ਹਨ। ਜੇਲ ਪ੍ਰਸ਼ਾਸਨ ਨੇ ਚਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਹੈ।

ਦੋਸ਼ੀਆਂ ਤੋਂ ਪੁੱਛੇ ਗਏ ਇਹ ਸਵਾਲ— 
ਉਨ੍ਹਾਂ ਤੋਂ ਪੁੱਛਿਆ ਗਿਆ ਕਿ 1 ਫਰਵਰੀ ਨੂੰ ਤੈਅ ਉਨ੍ਹਾਂ ਦੀ ਫਾਂਸੀ ਦੇ ਦਿਨ ਤੋਂ ਪਹਿਲਾਂ ਉਹ ਆਪਣੀ ਆਖਰੀ ਮੁਲਾਕਾਤ ਕਿਸ ਨਾਲ ਕਰਨਾ ਚਾਹੁੰਦੇ ਹਨ? ਦੋਸ਼ੀਆਂ ਤੋਂ ਇਹ ਵੀ ਪੁੱਛਿਆ ਗਿਆ ਕਿ ਉਨ੍ਹਾਂ ਦੇ ਨਾਮ ਕੋਈ ਜਾਇਦਾਦ ਜਾਂ ਬੈਂਕ 'ਚ ਜਮਾਂ ਰਕਮ ਹੈ ਤਾਂ ਉਸ ਨੂੰ ਕਿਸੇ ਦੇ ਨਾਂ ਟਰਾਂਸਫਰ ਕਰਨਾ ਚਾਹੁੰਦੇ ਹਨ? ਇਸ ਤੋਂ ਇਲਾਵਾ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੋਈ ਧਾਰਮਿਕ ਜਾਂ ਮਨਪਸੰਦ ਕਿਤਾਬ ਪੜ੍ਹਨ ਬਾਰੇ ਪੁੱਛਿਆ? ਜੇਕਰ ਉਹ ਚਾਹੁਣ ਤਾਂ ਇਨ੍ਹਾਂ ਸਾਰਿਆਂ ਨੂੰ 1 ਫਰਵਰੀ ਨੂੰ ਫਾਂਸੀ ਤੋਂ ਪਹਿਲਾਂ ਪੂਰਾ ਕਰ ਸਕਦੇ ਹਨ। 

ਤਿਹਾੜ ਜੇਲ ਨੰਬਰ-3 'ਚ ਵੱਖਰੇ-ਵੱਖਰੇ ਸੈੱਲ 'ਚ ਬੰਦ ਦੋਸ਼ੀ—
ਜੇਲ ਸੂਤਰਾਂ ਮੁਤਾਬਕ ਚਾਰੇ ਦੋਸ਼ੀਆਂ ਨੂੰ ਤਿਹਾੜ ਜੇਲ ਨੰਬਰ-3 'ਚ ਵੱਖਰੇ-ਵੱਖਰੇ ਸੈੱਲ 'ਚ ਰੱਖਿਆ ਗਿਆ ਹੈ। ਹਰ ਦੋਸ਼ੀ ਦੇ ਸੈੱਲ ਦੇ ਬਾਹਰ ਦੋ ਸਕਿਓਰਿਟੀ ਗਾਰਡ ਤਾਇਨਾਤ ਰਹਿੰਦੇ ਹਨ। ਹਰ ਦੋ ਘੰਟੇ ਵਿਚ ਇਨ੍ਹਾਂ ਗਾਰਡਾਂ ਨੂੰ ਆਰਾਮ ਦਿੱਤਾ ਜਾਂਦਾ ਹੈ। ਹਰ ਕੈਦੀ ਲਈ 24 ਘੰਟਿਆਂ ਲਈ 8-8 ਸਕਿਓਰਿਟੀ ਗਾਰਡ ਲਾਏ ਗਏ ਹਨ। ਸ਼ਿਫਟ ਬਦਲਣ 'ਤੇ ਦੂਜੇ ਗਾਰਡ ਤਾਇਨਾਤ ਕੀਤੇ ਜਾਂਦੇ ਹਨ।

ਚਾਰੇ ਦਰਿੰਦੇ ਭੁੱਖ-ਪਿਆਸ ਭੁੱਲੇ—
ਇੱਥੇ ਦੱਸ ਦੇਈਏ ਕਿ ਜਿਵੇਂ-ਜਿਵੇਂ ਫਾਂਸੀ ਦਾ ਸਮਾਂ ਨੇੜੇ ਆ ਰਿਹਾ ਹੈ, ਨਿਰਭਯਾ ਦੇ ਦਰਿੰਦਿਆਂ ਦੀ ਭੁੱਖ-ਪਿਆਸ ਵੀ ਘੱਟ ਹੁੰਦੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਚਾਰੇ ਦੋਸ਼ੀਆਂ ਵਿਚੋਂ ਇਕ ਨੇ ਆਪਣੀ ਜ਼ਿੰਦਗੀ ਖਤਮ ਹੋਣ ਦੇ ਡਰ ਕਾਰਨ ਖਾਣਾ ਛੱਡ ਦਿੱਤਾ ਹੈ, ਜਦਕਿ ਕਿ ਦੂਜਿਆਂ ਨੇ ਖਾਣਾ ਘੱਟ ਕਰ ਦਿੱਤਾ ਹੈ। ਜੇਲ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਚਾਰੇ ਦੋਸ਼ੀਆਂ ਵਿਚੋਂ ਇਕ ਵਿਨੇ ਨੇ ਦੋ ਦਿਨਾਂ ਤੋਂ ਖਾਣਾ ਨਹੀਂ ਖਾਧਾ ਸੀ ਪਰ ਬੁੱਧਵਾਰ ਭਾਵ ਕੱਲ ਉਸ ਨੂੰ ਵਾਰ-ਵਾਰ ਖਾਣਾ ਖਾਣ ਲਈ ਕਿਹਾ ਗਿਆ ਤਾਂ ਉਸ ਨੇ ਥੋੜ੍ਹਾ ਖਾਣਾ ਖਾਧਾ। ਦੋਸ਼ੀ ਪਵਨ ਨੇ ਵੀ ਅਚਾਨਕ ਖਾਣਾ ਘੱਟ ਕਰ ਦਿੱਤਾ ਹੈ।

ਹਾਲਾਂਕਿ ਮੁਕੇਸ਼ ਅਤੇ ਅਕਸ਼ੇ 'ਤੇ ਖਾਣਾ ਘੱਟ ਖਾਉਣ ਜਾਂ ਖਾਣਾ ਛੱਡ ਦੇਣ ਦਾ ਕੋਈ ਅਸਰ ਨਹੀਂ ਦੇਖਿਆ ਗਿਆ। ਦੋਸ਼ੀ ਮੁਕੇਸ਼ ਕੋਲ ਫਾਂਸੀ ਨੂੰ ਟਾਲਣ ਲਈ ਆਪਣੇ ਬਚਾਅ 'ਚ ਜਿੰਨੇ ਵੀ ਕਾਨੂੰਨੀ ਬਦਲ ਸਨ, ਉਨ੍ਹਾਂ ਸਾਰਿਆਂ ਨੂੰ ਅਜ਼ਮਾ ਚੁੱਕਾ ਹੈ। ਇਸ ਦੀ ਦਇਆ ਪਟੀਸ਼ਨ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਖਾਰਜ ਕਰ ਦਿੱਤੀ ਜਾ ਚੁੱਕੀ ਹੈ। ਹੁਣ ਹੋਰ ਤਿੰਨਾਂ ਦੋਸ਼ੀਆਂ ਕੋਲ ਦਇਆ ਪਟੀਸ਼ਨ ਦਾਇਰ ਕਰਨ ਅਤੇ ਦੋ ਕੋਲ ਸੁਪਰੀਮ ਕੋਰਟ 'ਚ ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦਾ ਕਾਨੂੰਨੀ ਬਦਲ ਬਚਿਆ ਹੈ। 


Tanu

Content Editor

Related News