ਨਿਰਭਿਆ ਕੇਸ : ਦੋਸ਼ੀ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ''ਤੇ SC 17 ਦਸੰਬਰ ਨੂੰ ਕਰੇਗਾ ਸੁਣਵਾਈ

12/12/2019 5:39:33 PM

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਕੇਸ ਦੇ ਦੋਸ਼ੀ ਅਕਸ਼ੈ ਕੁਮਾਰ ਦੀ ਮੁੜ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ 17 ਦਸੰਬਰ ਦਾ ਦਿਨ ਤੈਅ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਵਲੋਂ ਦੁਪਹਿਰ 2 ਵਜੇ ਸੁਣਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਬੀਤੀ 10 ਦਸੰਬਰ ਨੂੰ ਦੋਸ਼ੀ ਅਕਸ਼ੈ ਨੇ ਸੁਪੀਰਮ ਕੋਰਟ 'ਚ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ। ਅਕਸ਼ੈ ਨੇ ਮੁੜ ਵਿਚਾਰ ਪਟੀਸ਼ਨ ਦਾਇਰ ਕਰ ਕੇ ਫਾਂਸੀ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਉਸ ਨੇ ਪਟੀਸ਼ਨ 'ਚ ਅਜੀਬੋ-ਗਰੀਬ ਤਰਕ ਵੀ ਦਿੱਤਾ ਸੀ ਕਿ ਦਿੱਲੀ 'ਚ ਪ੍ਰਦੂਸ਼ਿਤ ਹਵਾ ਅਤੇ ਪਾਣੀ ਨਾਲ ਲੋਕ ਮਰ ਰਹੇ ਹਨ, ਤਾਂ ਅਜਿਹੇ ਵਿਚ ਫਿਰ ਫਾਂਸੀ ਦੀ ਕੀ ਲੋੜ ਹੈ?

PunjabKesari

ਨਿਰਭਿਆ ਦੇ ਚਾਰੋਂ ਦੋਸ਼ੀਆਂ ਮੁਕੇਸ਼, ਪਵਨ, ਵਿਨੇ ਅਤੇ ਅਕਸ਼ੈ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਸ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਇਸ ਤੋਂ ਪਹਿਲਾਂ ਮੁਕੇਸ਼, ਪਵਨ, ਵਿਨੇ ਨੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ ਅਤੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਇੱਥੇ ਦੱਸ ਦੇਈਏ ਕਿ ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ ਫਾਂਸੀ 'ਤੇ ਚੜ੍ਹਾਏ ਜਾਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਚਾਰੋਂ ਦੋਸ਼ੀ ਤਿਹਾੜ ਜੇਲ 'ਚ ਬੰਦ ਹਨ।

16 ਦਸੰਬਰ 2012 ਨੂੰ ਨਿਰਭਿਆ ਨਾਲ ਗੈਂਗਰੇਪ—
ਦੇਸ਼ ਦੀ ਰਾਜਧਾਨੀ ਦਿੱਲੀ 'ਚ 16 ਦਸੰਬਰ 2012 ਨੂੰ ਨਿਰਭਿਆ ਨਾਲ ਚੱਲਦੀ ਬੱਸ 'ਚ ਗੈਂਗਰੇਪ ਦੀ ਰੂਹ ਕੰਬਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਸੜਕਾਂ 'ਤੇ ਉਤਰ ਆਏ ਅਤੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ। ਇਸ ਮਾਮਲੇ ਵਿਚ ਫਾਸਟ ਟਰੈਕ ਕੋਰਟ ਨੇ ਸਾਰੇ 6 ਦੋਸ਼ੀਆਂ 'ਚੋਂ 4 ਦੋਸ਼ੀਆਂ-ਮੁਕੇਸ਼, ਵਿਨੇ ਸ਼ਰਮਾ, ਅਕਸ਼ੈ ਕੁਮਾਰ ਸਿੰਘ ਅਤੇ ਪਵਨ ਗੁਪਤਾ ਨੂੰ ਸਜ਼ਾ ਸੁਣਾਈ ਸੀ। ਮਾਮਲੇ ਦੇ ਇਕ ਦੋਸ਼ੀ ਰਾਮ ਸਿੰਘ ਨੇ ਜੇਲ 'ਚ ਹੀ ਫਾਂਸੀ ਲਾ ਲਈ ਸੀ। ਇਕ ਹੋਰ ਦੋਸ਼ੀ ਜਿਸ ਨੂੰ ਨਾਬਾਲਗ ਹੋਣ ਦਾ ਫਾਇਦਾ ਮਿਲ ਗਿਆ ਸੀ। ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਇਨ੍ਹਾਂ ਚਾਰੋਂ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਚਾਰੋਂ ਦੋਸ਼ੀ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ। ਚਾਰੋਂ ਦੋਸ਼ੀਆਂ ਨੂੰ ਇਸੇ ਮਹੀਨੇ ਫਾਂਸੀ ਦਿੱਤੀ ਜਾ ਸਕਦੀ ਹੈ।


Tanu

Content Editor

Related News