ਨਿਰਭਯਾ ਕੇਸ : ਚਾਰੇ ਦੋਸ਼ੀਆਂ ਦੀ ਟਲੀ ਫਾਂਸੀ

01/16/2020 4:59:50 PM

ਨਵੀਂ ਦਿੱਲੀ— ਨਿਰਭਯਾ ਗੈਂਗਰੇਪ ਅਤੇ ਕਤਲਕਾਂਡ ਦੇ ਚਾਰੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਟਾਲ ਦਿੱਤਾ ਗਿਆ ਹੈ। ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਹੋਵੇਗੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ 22 ਜਨਵਰੀ ਨੂੰ ਫਾਂਸੀ ਨਹੀਂ ਹੋ ਸਕਦੀ। ਕੋਰਟ ਨੇ ਇਸਤਗਾਸਾ ਪੱਖ ਦੀ ਦਲੀਲ ਮੰਨਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਨ੍ਹਾਂ ਦੀ ਦਇਆ ਪਟੀਸ਼ਨ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਹਾਲਾਂਕਿ ਦਿੱਲੀ ਦੇ ਉੱਪਰਾਜਪਾਲ ਨੇ ਦੋਸ਼ੀਆਂ ਦੀ ਦਇਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਦਇਆ ਪਟੀਸ਼ਨ ਪੈਂਡਿੰਗ ਹੋਣ ਫਾਂਸੀ ਦੀ ਸਜ਼ਾ 'ਤੇ ਰੋਕ ਲੱਗ ਗਈ ਹੈ। ਕੋਰਟ ਹੁਣ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਲਈ ਨਵੀਂ ਤਰੀਕ 'ਤੇ ਵਿਚਾਰ ਕਰੇਗਾ। 

ਇੱਥੇ ਦੱਸ ਦੇਈਏ ਕਿ ਨਿਰਭਯਾ ਦੇ ਇਕ ਦੋਸ਼ੀ ਮੁਕੇਸ਼ ਨੇ ਦਇਆ ਪਟੀਸ਼ਨ ਦਾਖਲ ਕੀਤੀ ਹੋਈ ਹੈ। ਮੁਕੇਸ਼ ਦੀ ਦਇਆ ਪਟੀਸ਼ਨ ਗ੍ਰਹਿ ਮੰਤਰਾਲੇ ਕੋਲ ਭੇਜੀ ਗਈ ਹੈ। ਛੇਤੀ ਹੀ ਪਟੀਸ਼ਨ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ। ਪਟਿਆਲਾ ਹਾਊਸ ਕੋਰਟ ਨੇ ਹੀ ਫਾਂਸੀ ਦੀ ਸਜ਼ਾ ਲਈ ਡੈੱਥ ਵਾਰੰਟ ਜਾਰੀ ਕਰਦੇ ਹੋਏ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ 'ਤੇ ਲਟਕਾਉਣ ਦਾ ਸਮਾਂ ਤੈਅ ਕੀਤਾ ਸੀ। 

ਦੱਸਣਯੋਗ ਹੈ ਕਿ ਦੋਸ਼ੀ ਮੁਕੇਸ਼ ਨੇ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਤੋਂ ਡੈੱਥ ਵਾਰੰਟ ਕੈਂਸਲ ਕਰਨ ਦੀ ਅਪੀਲ ਕੀਤੀ ਸੀ। ਹਾਈ ਕੋਰਟ ਨੇ ਉਸ ਦੀ ਅਰਜ਼ੀ ਮਨਜ਼ੂਰ ਨਹੀਂ ਕੀਤੀ ਅਤੇ ਹੇਠਲੀ ਅਦਾਲਤ ਹੀ ਜਾਣ ਦਾ ਨਿਰਦੇਸ਼ ਦਿੱਤਾ ਸੀ। ਮੁਕੇਸ਼ ਨੇ ਆਪਣੀ ਅਪੀਲ 'ਚ ਕਿਹਾ ਕਿ ਉਸ ਦੀ ਦਇਆ ਪਟੀਸ਼ਨ ਦੇਸ਼ ਦੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਅਜਿਹੇ ਵਿਚ 22 ਜਨਵਰੀ ਨੂੰ ਫਾਂਸੀ ਦੇਣ ਲਈ ਜਾਰੀ ਡੈੱਥ ਵਾਰੰਟ ਰੱਦ ਕੀਤਾ ਜਾਵੇ। ਹਾਈ ਕੋਰਟ 'ਚ ਹੋਈ ਸੁਣਵਾਈ ਦੌਰਾਨ ਦਿੱਲੀ ਸਰਕਾਰ ਨੇ ਕਿਹਾ ਕਿ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾ ਸਕਦਾ ਕਿਉਂਕਿ ਜੇਲ ਨਿਯਮਾਂ ਤਹਿਤ ਕਿਸੇ ਇਕ ਮਾਮਲੇ 'ਚ ਇਕ ਤੋਂ ਜ਼ਿਆਦਾ ਦੋਸ਼ੀਆਂ ਦੀ ਮੌਤ ਦੀ ਸਜ਼ਾ ਦਿੱਤੀ ਗਈ ਤਾਂ ਜਦੋਂ ਤਕ ਇਕ ਵੀ ਦੋਸ਼ੀ ਦੀ ਦਇਆ ਪਟੀਸ਼ਨ ਪੈਂਡਿੰਗ ਹੋਵੇ ਤਾਂ ਉਸ ਦੀ ਪਟੀਸ਼ਨ 'ਤੇ ਫੈਸਲਾ ਆਉਣ ਤਕ ਕਿਸੇ ਵੀ ਦੋਸ਼ੀ ਨੂੰ ਫਾਂਸੀ 'ਤੇ ਨਹੀਂ ਲਟਕਾਇਆ ਜਾ ਸਕਦਾ।

Tanu

This news is Content Editor Tanu