ਨਿਰਭਿਆ ਕੇਸ : ਦੋਸ਼ੀ ਵਿਨੇ ਦੀ ਮਾਂ ਨੂੰ ਅਜੇ ਵੀ ਮੁਆਫ਼ੀ ਦੀ ਆਸ

12/15/2019 4:11:44 PM

ਨਵੀਂ ਦਿੱਲੀ (ਭਾਸ਼ਾ)— ਪੂਰੇ ਦੇਸ਼ ਨੂੰ ਝੰਜੋੜ ਦੇਣ ਵਾਲੇ 'ਨਿਰਭਿਆ' ਗੈਂਗਰੇਪ ਅਤੇ ਕਤਲ ਕਾਂਡ ਦੇ 7 ਸਾਲ ਪੂਰੇ ਹੋਣ 'ਤੇ ਦੋਸ਼ੀਆਂ ਨੂੰ ਫਾਂਸੀ ਦੇ ਫੰਦੇ 'ਤੇ ਜਲਦ ਲਟਕਾਏ ਜਾਣ ਦੀ ਮੰਗ ਜਿੱਥੇ ਜ਼ੋਰ ਫੜ ਰਹੀ ਹੈ, ਉੱਥੇ ਹੀ ਇਕ ਦੋਸ਼ੀ ਦੀ ਮਾਂ ਪੀੜਤਾ ਨਾਲ ਹੋਈ ਬੇਰਹਿਮੀ 'ਤੇ ਤਾਂ ਗੱਲ ਨਹੀਂ ਕਰਨਾ ਚਾਹੁੰਦੀ ਪਰ ਆਪਣੇ ਪੁੱਤ ਦੀ ਸਜ਼ਾ ਮੁਆਫ਼ ਹੋਣ ਦੀ ਆਸ ਲਾ ਕੇ ਬੈਠੀ ਹੈ। ਦਿੱਲੀ 'ਚ 7 ਸਾਲ ਪਹਿਲਾਂ 16 ਦਸੰਬਰ 2012 ਦੀ ਰਾਤ ਨੂੰ ਇਕ ਨਾਬਾਲਗ ਸਮੇਤ 6 ਲੋਕਾਂ ਨੇ ਇਕ ਚੱਲਦੀ ਬੱਸ 'ਚ 23 ਸਾਲਾ ਨਿਰਭਿਆ ਦਾ ਸਮੂਹਕ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ਮਰਨ ਲਈ ਬੱਸ ਤੋਂ ਬਾਹਰ ਸੜਕ ਕੰਢੇ ਸੁੱਟ ਦਿੱਤਾ ਸੀ। ਇਸ ਘਟਨਾ ਬਾਰੇ ਜਿਸ ਨੇ ਵੀ ਪੜ੍ਹਿਆ-ਸੁਣਿਆ ਉਸ ਦੇ ਰੌਂਗਟੇ ਖੜ੍ਹੇ ਹੋ ਗਏ। ਘਟਨਾ ਤੋਂ ਬਾਅਦ ਪੂਰੇ ਦੇਸ਼ ਵਿਚ ਰੋਸ ਪ੍ਰਦਰਸ਼ਨ ਹੋਏ ਅਤੇ ਮਹਿਲਾ ਸੁਰੱਖਿਆ ਯਕੀਨੀ ਕਰਨ ਨੂੰ ਲੈ ਕੇ ਅੰਦੋਲਨ ਸ਼ੁਰੂ ਹੋ ਗਿਆ ਸੀ।

ਮਾਮਲੇ ਦੇ ਚਾਰੋਂ ਦੋਸ਼ੀ ਵਿਨੇ ਸ਼ਰਮਾ, ਮੁਕੇਸ਼ ਸਿੰਘ, ਪਵਨ ਗੁਪਤਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਕ ਹੋਰ ਦੋਸ਼ੀ ਰਾਮ ਸਿੰਘ ਨੇ 2015 'ਚ ਤਿਹਾੜ ਜੇਲ 'ਚ ਖੁਦਕੁਸ਼ੀ ਕਰ ਲਈ ਸੀ ਅਤੇ ਨਾਬਾਲਗ ਦੋਸ਼ੀ ਨੂੰ ਸੁਧਾਰ ਘਰ 'ਚ 3 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2015 'ਚ ਰਿਹਾਅ ਕਰ ਦਿੱਤਾ ਗਿਆ ਸੀ। ਦੋਸ਼ੀਆਂ ਨੂੰ ਜਲਦੀ ਹੀ ਫਾਂਸੀ ਦਿੱਤੇ ਜਾਣ ਦੀਆਂ ਖਬਰਾਂ ਦਰਮਿਆਨ ਵਿਨੇ ਸ਼ਰਮਾ ਦੀ ਮਾਂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਵਿਨੇ ਸ਼ਰਮਾ ਦੀ ਮਾਂ ਕਹੋ। ਤੁਸੀਂ ਲੋਕ ਸਭ ਜਾਣਦੇ ਹੋ, ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ। ਕੋਈ ਸਾਡੀ ਪਟੀਸ਼ਨ ਅਧਿਕਾਰੀਆਂ ਤਕ ਨਹੀਂ ਲੈ ਜਾਣਾ ਚਾਹੁੰਦਾ। ਤੁਸੀਂ ਜੋ ਚਾਹੋ, ਉਹ ਲਿਖ ਸਕਦੇ ਹੋ।

ਵਿਨੇ ਦੀ ਮਾਂ ਨੇ ਉਮੀਦ ਜਤਾਈ ਕਿ ਉਸ ਦੇ ਪਰਿਵਾਰ ਦੀ ਅਪੀਲ ਅਧਿਕਾਰੀਆਂ ਤੱਕ ਪੁੱਜੇਗੀ ਅਤੇ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇਗੀ। ਭਰਾ ਰਾਮ ਸਿੰਘ ਅਤੇ ਮੁਕੇਸ਼ ਸਿੰਘ ਦੀ ਵਿਧਵਾ ਮਾਂ ਆਪਣਾ ਘਰ-ਬਾਰ ਛੱਡ ਕੇ ਰਾਜਸਥਾਨ ਚੱਲੀ ਗਈ ਹੈ ਪਰ ਵਿਨੇ ਅਤੇ ਪਵਨ ਦਾ ਪਰਿਵਾਰ ਹੁਣ ਵੀ ਇੱਥੇ ਝੁੱਗੀਆਂ-ਬਸਤੀਆਂ ਵਿਚ ਰਹਿੰਦਾ ਹੈ। 16 ਦਸੰਬਰ ਨੂੰ ਇਸ ਘਟਨਾ ਨੂੰ 7 ਸਾਲ ਹੋ ਜਾਣਗੇ, ਅਜਿਹੇ ਵਿਚ ਦੋਸ਼ੀਆਂ ਦੇ ਪਰਿਵਾਰਾਂ ਦੇ ਘਰ ਦੇ ਬਾਹਰ ਮੀਡੀਆ ਦਾ ਤਾਂਤਾ ਲੱਗਾ ਹੋਇਆ ਹੈ।

Tanu

This news is Content Editor Tanu