ਅੱਤਵਾਦੀਆਂ ਦਾ ਹੱਬ ਬਣੇ ਪਾਕਿ, ਇਹ ਨਹੀਂ ਹੋਵੇਗਾ ਬਰਦਾਸ਼ਤ

06/29/2018 12:23:55 PM

ਨਵੀਂ ਦਿੱਲੀ— ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਅੱਤਵਾਦੀ ਗਰੁੱਪਾਂ ਦੀ ਸ਼ਰਨ ਵਾਲੀ ਥਾਂ ਬਣਨਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਮਰੀਕਾ ਨੇ ਇਸਲਾਮਾਬਾਦ ਨੂੰ ਪਹਿਲਾਂ ਹੀ ਇਸ ਸਬੰਧੀ ਸਖਤ ਸੰਦੇਸ਼ ਦੇ ਦਿੱਤਾ ਹੈ।
ਵੀਰਵਾਰ ਇਥੇ ਇਕ ਥਿੰਕ ਟੈਂਕ 'ਚ ਆਪਣੇ ਭਾਸ਼ਣ ਦੌਰਾਨ ਨਿੱਕੀ ਨੇ ਕਿਹਾ ਕਿ ਅੱਤਵਾਦੀਆਂ ਨੂੰ ਸ਼ਰਨ ਦੇਣ ਵਾਲਿਆਂ ਪ੍ਰਤੀ ਅਸੀਂ ਅੱਖਾਂ ਨਹੀਂ ਬੰਦ ਕਰ ਸਕਦੇ। ਪਾਕਿਸਤਾਨ ਨੂੰ ਕਿਹਾ ਜਾ ਰਿਹਾ ਹੈ ਕਿ ਅਜਿਹੀਆਂ ਸਰਗਰਮੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ।


ਨਿੱਕੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਅੱਤਵਾਦ ਵਿਰੁੱਧ ਲੜਾਈ ਵਿਚ ਦੁਨੀਆ ਦੀ ਅਗਵਾਈ ਕਰਨੀ ਚਾਹੀਦੀ ਹੈ। ਅਸੀਂ ਇੰਝ ਕਰ ਸਕਦੇ ਹਾਂ ਅਤੇ ਸਾਨੂੰ ਜ਼ਰੂਰ ਹੋਰ ਯਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਵੱਖ-ਵੱਖ ਮੁੱਦਿਆਂ 'ਤੇ ਆਪਣੀ ਰਾਏ ਰੱਖੀ ਅਤੇ ਕਿਹਾ ਕਿ ਧਰਮ ਦੀ ਆਜ਼ਾਦੀ ਬੇਹੱਦ ਅਹਿਮ ਹੈ। ਸਾਡੇ ਵਰਗੇ ਦੇਸ਼ ਨੂੰ ਸਹਿਣਸ਼ੀਲਤਾ ਰਾਹੀਂ ਹੀ ਇਕਮੁੱਠ ਰੱਖਿਆ ਜਾ ਸਕਦਾ ਹੈ। ਚੀਨ ਬਾਰੇ ਨਿੱਕੀ ਨੇ ਕਿਹਾ ਕਿ ਇਹ ਦੇਸ਼ ਅਹਿਮ ਹੈ ਪਰ ਉਸ ਨੇ ਇਸ ਤੱਥ 'ਤੇ ਵਿਚਾਰ ਕੀਤਾ ਹੈ ਕਿ ਖੇਤਰ ਵਿਚ ਉਸ ਦਾ ਪਸਾਰ ਅਮਰੀਕਾ ਅਤੇ ਕਈ ਹੋਰਨਾਂ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਚੀਨ ਲੋਕਰਾਜੀ ਕਦਰਾਂ-ਕੀਮਤਾਂ ਨੂੰ ਸਾਂਝਾ ਨਹੀਂ ਕਰਦਾ। 


ਹਿੰਦ ਪ੍ਰਸ਼ਾਂਤ ਸਾਗਰ ਵਿਚ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਸਥਿਰਤਾ ਨੂੰ ਯਕੀਨੀ ਕਰਨ ਬਾਰੇ ਸਿੰਗਾਪੁਰ ਵਿਚ ਸ਼ਾਂਗਰੀ-ਲਾ ਡਾਇਲਾਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਜ਼ਾ ਬਿਆਨ ਦਾ ਜ਼ਿਕਰ ਕਰਦਿਆਂ ਨਿੱਕੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਸਬੰਧੀ ਭਰੋਸਾ ਰੱਖਦੇ ਹਨ। ਓਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿੱਕੀ ਹੇਲੀ ਸਾਹਮਣੇ ਉਨ੍ਹਾਂ 52 ਭਾਰਤੀਆਂ ਦਾ ਮੁੱਦਾ ਉਠਾਇਆ, ਜਿਨ੍ਹਾਂ ਨੂੰ ਅਮਰੀਕੀ ਸੂਬੇ ਓਰੇਗਾਨ ਵਿਚ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨ੍ਹਾਂ ਵਿਚੋਂ ਵਧੇਰੇ ਸਿੱਖ ਹਨ। ਨਿੱਕੀ ਹੇਲੀ ਨੇ ਇਸ ਸਾਰੇ ਮਾਮਲੇ ਨੂੰ ਦੇਖਣ ਦਾ ਭਰੋਸਾ ਦਿੱਤਾ।