ਕੋਰੋਨਾ ਕਾਰਨ ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ, ਦਿੱਲੀ ’ਚ ਰਹੇਗਾ ਨਾਈਟ ਕਰਫਿਊ

12/31/2020 11:09:57 AM

ਨਵੀਂ ਦਿੱਲੀ— ਸਾਲ 2020 ਨੂੰ ਖ਼ਤਮ ਹੋਣ ’ਚ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਭਾਰਤ ਸਮੇਤ ਦੁਨੀਆ ਭਰ ਦੇ ਤਮਾਮ ਦੇਸ਼ ਸਾਲ 2021 ਦੇ ਸਵਾਗਤ ਲਈ ਤਿਆਰ ਹਨ। ਸਾਲ 2021 ਹਰ ਕਿਸੇ ਲਈ ਵਧੀਆ ਚੜ੍ਹੇ, ਇਹ ਹੀ ਅਰਦਾਸ ਹਰ ਕੋਈ ਕਰ ਰਿਹਾ ਹੈ। ਹਾਲਾਂਕਿ ਕੋਰੋਨਾ ਵਾਇਰਸ ਦੀ ਆਫ਼ਤ ਅਜੇ ਟਲੀ ਨਹੀਂ ਹੈ ਅਤੇ ਇਸ ਦਾ ਨਵਾਂ ਰੂਪ ਸਟ੍ਰੇਨ ਸਾਹਮਣੇ ਆਉਣ ਕਾਰਨ ਨਵੇਂ ਸਾਲ ਦਾ ਜਸ਼ਨ ਥੋੜ੍ਹਾ ਫਿੱਕਾ ਰਹੇਗਾ। ਦੁਨੀਆ ਦੇ ਕਈ ਦੇਸ਼ਾਂ ਨੇ ਨਵੇਂ ਸਾਲ 2021 ਤੋਂ ਪਹਿਲਾਂ ਹੀ ਪਾਬੰਦੀਆਂ ਲਾ ਦਿੱਤੀਆਂ ਹਨ। ਭਾਰਤ ਵਿਚ ਵੀ ਕਈ ਸੂਬਿਆਂ ਨੇ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 

ਦਿੱਲੀ ’ਚ ਨਾਈਟ ਕਰਫਿਊ—
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਵੇਖਦਿਆਂ ਨਵੇਂ ਸਾਲ ਮੌਕੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਅੱਜ ਅਤੇ ਕੱਲ੍ਹ ਨਾਈਟ ਕਰਫਿਊ ਰਹੇਗਾ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ. ਡੀ. ਐੱਮ. ਏ.) ਮੁਤਾਬਕ ਨਾਈਟ ਕਰਫਿਊ ਦੌਰਾਨ ਨਵੇਂ ਸਾਲ ਦੇ ਜਸ਼ਨ ਅਤੇ ਸਮੂਹਕ ਪ੍ਰੋਗਰਾਮਾਂ ਦੇ ਆਯੋਜਨ ਦੀ ਮਨਾਹੀ ਰਹੇਗੀ। ਨਾਈਟ ਕਰਫਿਊ ਦਾ ਸਮਾਂ 31 ਦਸੰਬਰ ਦੀ ਰਾਤ 11.00 ਵਜੇ ਤੋਂ 1 ਜਨਵਰੀ 2021 ਦੀ ਸਵੇਰ 6 ਵਜੇ ਤੱਕ ਤੈਅ ਕੀਤਾ ਗਿਆ ਹੈ। ਬਿਆਨ ਮੁਤਾਬਕ ਦੋ ਦਿਨ ਦੇ ਨਾਈਟ ਕਰਫਿਊ ਵਿਚ ਜਨਤਕ ਥਾਵਾਂ ’ਤੇ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੈ। ਚੰਗਾ ਹੋਵੇਗਾ ਕਿ ਲੋਕ ਆਪਣੇ ਪਰਿਵਾਰਾਂ ਨਾਲ ਹੀ ਨਵੇਂ ਸਾਲ ਦਾ ਜਸ਼ਨ ਮਨਾਉਣ। ਇਸ ਤੋਂ ਇਲਾਵਾ ਦਿੱਲੀ-ਐੱਨ. ਸੀ. ਆਰ. ’ਚ ਨਵੇਂ ਸਾਲ ਦੇ ਜਸ਼ਨ ’ਚ ਪਟਾਕੇ ਚਲਾਉਣ ’ਤੇ ਪਾਬੰਦੀ ਜਾਰੀ ਹੈ। ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 677 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨੂੰ ਮਿਲਾ ਕੇ ਪੀੜਤਾਂ ਦੀ ਗਿਣਤੀ 6.24 ਲੱਖ ਹੋ ਗਈ ਹੈ। ਇਸ ਸਮੇਂ ਵਿਚ 21 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਿ੍ਰਤਕਾਂ ਦਾ ਅੰਕੜਾ 10,523 ਹੋ ਗਿਆ ਹੈ। 


Tanu

Content Editor

Related News