NIA ਵਲੋਂ ਸ਼ਿਵ ਸੈਨਾ ਆਗੂ ਦੇ ਕਤਲ ਮਾਮਲੇ ''ਚ 8 ਵਿਅਕਤੀਆਂ ਖਿਲਾਫ ਦੋਸ਼ ਪੱਤਰ ਦਾਖਲ

02/22/2019 9:45:02 PM

ਨਵੀਂ ਦਿੱਲੀ,(ਭਾਸ਼ਾ) : ਕੌਮੀ ਜਾਂਚ ਏਜੰਸੀ (ਐੱਨ. ਆਈ.ਏ.) ਨੇ ਪੰਜਾਬ ਦੇ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਦੀ ਹੱਤਿਆ ਦੇ ਯਤਨ ਨਾਲ ਜੁੜੇ ਇਕ ਮਾਮਲੇ 'ਚ ਸ਼ੁੱਕਰਵਾਰ 8 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ। ਮੁਲਜ਼ਮ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫਰੰਟ ਨਾਲ ਕਥਿਤ ਤੌਰ 'ਤੇ ਜੁੜੇ ਹੋਏ ਹਨ। ਦੋਸ਼ ਪੱਤਰ ਪੰਜਾਬ ਦੇ ਮੋਹਾਲੀ ਵਿਖੇ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ।
ਏਜੰਸੀ ਨੇ ਦਾਅਵਾ ਕੀਤਾ ਹੈ ਕਿ ਅਰੋੜਾ ਦੀ ਹੱਤਿਆ ਦੇ ਯਤਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਚੋਟੀ ਦੀ ਲੀਡਰਸ਼ਿਪ ਵਲੋਂ ਰਚੀ ਗਈ ਕੌਮਾਂਤਰੀ ਸਾਜ਼ਿਸ਼ ਦਾ ਹਿੱਸਾ ਸਨ। ਦੋਸ਼ ਪੱਤਰ 'ਚ ਹਰਦੀਪ ਸਿੰਘ ਉਰਫ ਸ਼ੇਰਾ, ਰਮਨਦੀਪ ਸਿੰਘ ਉਰਫ ਕੈਨੇਡੀਅਨ, ਧਰਮਿੰਦਰ ਸਿੰਘ ਉਰਫ ਗੁਗੁਨੀ, ਅਨਿਲ ਕੁਮਾਰ ਉਰਫ ਕਾਲਾ, ਜਗਤਾਰ ਸਿੰਘ ਜੌਹਲ ਉਰਫ ਜੱਗੀ, ਹਰਪ੍ਰੀਤ ਸਿੰਘ ਉਰਫ ਹੈਪੀ, ਗੁਰਜਿੰਦਰ ਸਿੰਘ ਉਰਫ ਸ਼ਾਸਤਰੀ ਅਤੇ ਗੁਰਸ਼ਰਨਬੀਰ ਸਿੰਘ ਉਰਫ ਪਹਿਲਵਾਨ ਦੇ ਨਾਂ ਸ਼ਾਮਲ ਹਨ। ਹੈਪੀ ਦੇ ਪਾਕਿਸਤਾਨ 'ਚ ਹੋਣ ਦਾ ਸ਼ੱਕ ਹੈ। ਐੱਨ. ਆਈ. ਏ. ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਸਾਜ਼ਿਸ਼ ਦੀਆਂ ਤਾਰਾਂ ਪਾਕਿਸਤਾਨ, ਬਰਤਾਨੀਆ, ਆਸਟਰੇਲੀਆ, ਫਰਾਂਸ, ਇਟਲੀ ਅਤੇ ਯੂ. ਏ. ਈ. ਸਮੇਤ ਕਈ ਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ।