ਮਥੁਰਾ : ਯਮੁਨਾ ਨਦੀ ’ਚ ਮਲਾਹਾਂ ਨੂੰ ਰੁੜਦੇ ਮਿਲੇ ਨਵਜੰਮੇ ਬੱਚੇ, ਮਚਿਆ ਹੜਕੰਪ

02/18/2020 11:34:39 AM

ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਸੋਮਵਾਰ ਨੂੰ ਯਮੁਨਾ ਨਦੀ ਦੇ ਘਾਟ 'ਤੇ ਮੌਜੂਦ ਮਲਾਹਾਂ ਨੂੰ 3 ਨਵਜੰਮੇ ਅਤੇ ਇਕ ਪੂਰੀ ਤਰ੍ਹਾਂ ਵਿਕਸਿਤ ਭਰੂਣ ਰੁੜਦੇ ਹੋਏ ਨਜ਼ਰ ਆਏ। ਦੋ ਭਰੂਣਾਂ ਨੂੰ ਬਾਹਰ ਕੱਢਿਆ ਗਿਆ ਪਰ ਦੋ ਭਰੂਣ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 'ਨਮਾਮਿ ਗੰਗੇ ਪ੍ਰਾਜੈਕਟ' ਤਹਿਤ ਬੰਗਾਲੀ ਘਾਟ 'ਤੇ ਵਰਕਰ ਮੁੰਨਾ ਮਲਾਹ ਨੇ ਦੱਸਿਆ ਕਿ ਉਨ੍ਹਾਂ ਨੇ ਸੋਮਵਾਰ ਨੂੰ ਇਕ ਨਵਜੰਮੇ ਬੱਚੇ ਅਤੇ ਇਕ ਪੂਰੀ ਤਰ੍ਹਾਂ ਵਿਕਸਿਤ ਭਰੂਣ ਨੂੰ ਯਮੁਨਾ 'ਚ ਰੁੜਦੇ ਹੋਏ ਦੇਖਿਆ ਅਤੇ ਉਨ੍ਹਾਂ ਨੂੰ ਜਿਊਂਦਾ ਸਮਝ ਕੇ ਬਾਹਰ ਕੱਢਿਆ ਪਰ ਉਹ ਮ੍ਰਿਤਕ ਹਾਲਤ 'ਚ ਸਨ। ਉਨ੍ਹਾਂ ਨੇ ਦੱਸਿਆ ਕਿ ਦੋ ਹੋਰ ਨਵਜੰਮੇ ਬੱਚੇ ਰੁੜ ਕੇ ਜਾਂਦੇ ਹੋਏ ਉਨ੍ਹਾਂ ਨੂੰ ਨਜ਼ਰ ਆਏ। ਮੁੰਨਾ ਮਲਾਹ ਅਤੇ ਕੁਝ ਹੋਰ ਮਲਾਹਾਂ ਨੇ ਉਨ੍ਹਾਂ ਦਾ ਪਿਛਾ ਕੀਤਾ ਪਰ ਉਹ ਤੇਜ਼ ਵਹਾਅ ਨਾਲ ਵਹਿ ਗਏ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਬੰਗਾਲੀ ਘਾਟ ਪੁਲਸ ਚੌਕੀ ਤੋਂ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਕੋਤਵਾਲੀ ਮੁਖੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਹ ਕਿਸੇ ਹਸਪਤਾਲ ਦੀ ਹਰਕਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨਵਜੰਮੇ ਬੱਚੇ ਅਤੇ ਭਰੂਣ ਨੂੰ ਪੋਸਟਮਾਰਟਮ ਲਈ ਭੇਜ ਗਿਆ ਹੈ, ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਮੌਤ ਕੁਦਰਤੀ ਸੀ ਜਾਂ ਨਹੀਂ। ਉਸ ਤੋਂ ਬਾਅਦ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਕੱਠੀਆਂ 4 ਮਾਂਵਾਂ ਨੇ ਕਿਸ ਹਸਪਤਾਲ 'ਚ ਇਨ੍ਹਾਂ ਨੂੰ ਜਨਮ ਦਿੱਤਾ। ਕਿਤੇ ਇਹ ਮਾਮਲਾ ਕੁੜੀਆਂ ਨੂੰ ਜਨਮ ਦੇ ਸਮੇਂ ਜਾਂ ਕੁੱਖ 'ਚ ਮਾਰ ਦੇਣ ਦਾ ਤਾਂ ਨਹੀਂ ਹੈ?

Tanu

This news is Content Editor Tanu