ਹਰਿਆਣਾ: ਜੀਂਦ ਨੂੰ ਮਿਲੀ ਰੇਲ ਗੱਡੀ ਦੀ ਸੌਗਾਤ, 22 ਫਰਵਰੀ ਤੋਂ ਚੱਲੇਗੀ

02/21/2021 3:57:45 PM

ਜੀਂਦ— ਰੇਲ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖਬਰੀ ਹੈ। ਉੱਤਰ ਰੇਲਵੇ 22 ਫਰਵਰੀ ਤੋਂ ਕਈ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ’ਚ ਜੀਂਦ ਨੂੰ ਵੀ ਇੰਦੌਰ-ਊਧਮਪੁਰ ਹਫ਼ਤੇਵਾਰੀ ਐਕਸਪ੍ਰੈੱਸ ਰੇਲ ਗੱਡੀ ਦੀ ਸੌਗਾਤ ਮਿਲੀ ਹੈ। ਇਹ ਰੇਲ ਗੱਡੀ 22 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਅਤੇ ਜੀਂਦ ਤੋਂ ਹੋ ਕੇ ਲੰਘੇਗੀ। ਪਹਿਲਾਂ ਇਹ ਰੇਲ ਗੱਡੀ ਰੋਹਤਕ ਤੋਂ ਪਾਨੀਪਤ ਹੁੰਦੇ ਹੋਏ ਊਧਮਪੁਰ ਵੱਲ ਜਾਂਦੀ ਸੀ ਪਰ ਹੁਣ ਇਹ ਜੀਂਦ ਤੋਂ ਹੋ ਕੇ ਲੰਘੇਗੀ, ਜਿਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ। 

ਰੇਲ ਗੱਡੀ ਨੰਬਰ 09241-09242 ਇੰਦੌਰ-ਊਧਮਪੁਰ ਐਕਸਪ੍ਰੈੱਸ ਹਰ ਸੋਮਵਾਰ ਰਾਤ 11.30 ਵਜੇ ਊਧਮਪੁਰ ਲਈ ਚੱਲੇਗੀ ਅਤੇ ਅਗਲੇ ਦਿਨ ਰਾਤ 10.50 ਵਜੇ ਉਧਮਪੁਰ ਪਹੁੰਚੇਗੀ। ਵਾਪਸੀ ’ਚ ਇਹ ਰੇਲ ਗੱਡੀ 09242 ਬੁੱਧਵਾਰ ਸਵੇਰੇ 11.10 ਵਜੇ ਮੱਧ ਪ੍ਰਦੇਸ਼ ਦੇ ਇੰਦੌਰ ਲਈ ਚੱਲੇਗੀ ਅਤੇ ਅਗਲੇ ਦਿਨ ਸਵੇਰੇ 11 ਵਜੇ ਇੰਦੌਰ ਪਹੁੰਚੇਗੀ। 

ਦੱਸ ਦੇਈਏ ਕਿ ਪਹਿਲਾਂ ਇਹ ਰੇਲਗੱਡੀ ਰੋਹਤਕ ਤੱਕ ਆ ਕੇ ਪਾਨੀਪਤ, ਕਰਨਾਲ, ਅੰਬਾਲਾ ਤੋਂ ਹੁੰਦੇ ਹੋਏ ਪੰਜਾਬ ਦੀ ਸਰਹੱਦ ਵਿਚ ਪ੍ਰਵੇਸ਼ ਕਰਦੀ ਸੀ ਪਰ ਹੁਣ ਇਸ ਦਾ ਰੂਟ ਵਾਇਆ ਜੀਂਦ ਕਰ ਦਿੱਤਾ ਗਿਆ ਹੈ। ਉੱਤਰ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਸਾਰੀਆਂ ਰੇਲ ਗੱਡੀਆਂ ਚਲਾਉਣ ਦਾ ਆਦੇਸ਼ ਆਵੇਗਾ, ਇਨ੍ਹਾਂ ਦੀ ਟਿਕਟ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਫ਼ਿਲਹਾਲ ਇੰਦੌਰ-ਊਧਮਪੁਰ ਹਫ਼ਤੇਵਾਰੀ ਰੇਲ ਗੱਡੀ ਸ਼ੁਰੂ ਹੋ ਰਹੀ ਹੈ, ਜੋ ਜੀਂਦ ਤੋਂ ਹੋ ਕੇ ਲੰਘੇਗੀ। ਇਹ ਹਫ਼ਤਾਵਾਰੀ ਰੇਲ ਗੱਡੀ ਹੈ। ਅਗਲੇ ਆਦੇਸ਼ਾਂ ਤੱਕ ਇਸ ਰੇਲ ਗੱਡੀ ਵਿਚ ਸੀਟ ਬੁਕਿੰਗ ਰਿਜ਼ਵੇਸ਼ਨ ਜਾਰੀ ਹੀ ਹੋਵੇਗੀ।

Tanu

This news is Content Editor Tanu