ਸਿੱਖਿਆ ਨੀਤੀ ਦੇ ਇਕ ਸਾਲ ਪੂਰਾ ਹੋਣ ਮੌਕੇ PM ਮੋਦੀ ਬੋਲੇ- ‘ਪੂਰਾ ਦੇਸ਼ ਨੌਜਵਾਨਾਂ ਦੇ ਹੌਂਸਲਿਆਂ ਨਾਲ ਹੈ’

07/29/2021 6:40:09 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਤਹਿਤ ਸੁਧਾਰਾਂ ਦੇ ਇਕ ਸਾਲ ਪੂਰੇ ਹੋਣ ਮੌਕੇ ਕਿਹਾ ਕਿ ਸਿੱਖਿਆ ਨੀਤੀ ਨੂੰ ਹਰ ਤਰ੍ਹਾਂ ਨਾਲ ਦਬਾਅ ਮੁਕਤ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਸੰਬੋਧਨ ਦੀ ਸ਼ੁਰੂਆਤ ’ਚ ਨਵੀਂ ਸਿੱਖਿਆ ਨੀਤੀ ਨੂੰ ਇਕ ਸਾਲ ਪੂਰਾ ਹੋਣ ’ਤੇ ਸਾਰੇ ਦੇਸ਼ਵਾਸੀਆਂ ਅਤੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਰਾਸ਼ਟਰ ਨਿਰਮਾਣ ਦੇ ‘ਮਹਾ ਹਵਨ’ ’ਚ ਵੱਡੇ ਤੱਤਾਂ ’ਚੋਂ ਇਕ ਹੈ ਅਤੇ ਇਹ ਨੌਜਵਾਨਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਦੇਸ਼ ਹੁਣ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਹੌਂਸਲਿਆਂ ਨਾਲ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ’ਚ ਅਸੀਂ ਕਿੰਨਾ ਅੱਗੇ ਜਾਵਾਂਗੇ, ਕਿੰਨੀ ਉੱਚਾਈ ਪ੍ਰਾਪਤ ਕਰਾਂਗੇ, ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਮੌਜੂਦਾ ਸਮੇਂ ਵਿਚ ਯਾਨੀ ਕਿ ਅੱਜ ਕਿਹੋ ਜਿਹੀ ਸਿੱਖਿਆ ਦੇ ਰਹੇ ਹਾਂ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ 21ਵੀਂ ਸਦੀ ਦਾ ਨੌਜਵਾਨ ਆਪਣੀ ਦੁਨੀਆ ਖ਼ੁਦ ਆਪਣੇ ਹਿਸਾਬ ਨਾਲ ਬਣਾਉਣਾ ਚਾਹੁੰਦਾ ਹੈ, ਉਹ ਮੌਕਾ ਚਾਹੁੰਦਾ ਹੈ ਅਤੇ ਪੁਰਾਣੇ ਬੰਧਨਾਂ ਤੋਂ ਮੁਕਤੀ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਦਹਾਕਿਆਂ ਤੋਂ ਇਹ ਮਾਹੌਲ ਵੇਖਿਆ ਹੈ, ਜਦੋਂ ਸਮਝਿਆ ਜਾਂਦਾ ਸੀ ਕਿ ਚੰਗੀ ਪੜ੍ਹਾਈ ਕਰਨ ਲਈ ਵਿਦੇਸ਼ ਹੀ ਜਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚੰਗੀ ਪੜ੍ਹਾਈ ਲਈ ਵਿਦੇਸ਼ਾਂ ਤੋਂ ਵਿਦਿਆਰਥੀ ਭਾਰਤ ਆਉਣ। ਸਰਵਸ਼੍ਰੇਸ਼ਠ ਸੰਸਥਾਵਾਂ ਭਾਰਤ ਆਉਣ। ਇਹ ਹੁਣ ਅਸੀਂ ਵੇਖਣ ਜਾ ਰਹੇ ਹਾਂ। ਇੰਜੀਨੀਅਰਿੰਗ ਦੀ ਪੜ੍ਹਾਈ ਹੁਣ ਦੇਸੀ ਭਾਸ਼ਾਵਾਂ ਵਿਚ ਸ਼ੁਰੂ ਕੀਤੇ ਜਾਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ 8 ਸੂਬਿਆਂ ਦੇ 14 ਇੰਜੀਨੀਅਰਿੰਗ ਕਾਲਜ, 5 ਭਾਰਤੀ ਭਾਸ਼ਾਵਾਂ- ਹਿੰਦੀ, ਤਾਮਿਲ, ਤੇਲਗੂ, ਮਰਾਠੀ ਅਤੇ ਬਾਂਗਲਾ ’ਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰਨ ਜਾ ਰਹੇ ਹਨ। ਇੰਜੀਨੀਅਰਿੰਗ ਦੇ ਕੋਰਸ ਦਾ 11 ਭਾਰਤੀ ਭਾਸ਼ਾਵਾਂ ’ਚ ਟਰਾਂਸਲੇਸ਼ਨ ਲਈ ਇਕ ਟੂਲ ਵੀ ਵਿਕਸਿਤ ਕੀਤਾ ਜਾ ਚੁੱਕਾ ਹੈ।

ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਇਸ ਪ੍ਰੋਗਰਾਮ ’ਚ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਕਈ ਸੂਬਿਆਂ ਦੇ ਮੁੱਖ ਮਤੰਰੀ ਅਤੇ ਉੱਪ ਮੁੱਖ ਮੰਤਰੀ, ਰਾਜਪਾਲ ਅਤੇ ਉੱਪ ਰਾਜਪਾਲ, ਯੂਨੀਵਰਸਿਟੀਆਂ ਦੇ ਕੁਲਪਤੀ, ਸਿੱਖਿਆ ਅਤੇ ਕੌਸ਼ਲ ਵਿਕਾਸ ਦੇ ਖੇਤਰ ਨਾਲ ਜੁੜੇ ਦੇਸ਼ ਭਰ ਦੇ ਨੀਤੀ ਨਿਰਮਾਤਾ, ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਹੋਏ। ਦੱਸ ਦੇਈਏ ਕਿ ਨਵੀਂ ਸਿੱਖਿਆ ਨੀਤੀ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ ਅਤੇ 34 ਸਾਲ ਪੁਰਾਣੀ ਰਾਸ਼ਟਰੀ ਸਿੱਖਿਆ ਨੀਤੀ ਦੀ ਥਾਂ ਲਿਆਂਦੀ ਗਈ ਹੈ। ਇਸ ਨੀਤੀ ’ਚ ਸਿੱਖਿਆ ਦੀ ਪਹੁੰਚ, ਗੁਣਵੱਤਾ, ਕਿਫਾਇਤੀ ਅਤੇ ਜਵਾਬਦੇਹੀ ਵਰਗੇ ਮੁੱਦਿਆਂ ’ਤੇ ਕੇਂਦਰਿਤ ਹੈ।
 

Tanu

This news is Content Editor Tanu