ਨਵੇਂ ਆਰਮੀ ਚੀਫ਼ ਹੋਣਗੇ ਲੈਫਟੀਨੈਂਟ ਜਨਰਲ ਮਨੋਜ ਪਾਂਡੇ, MM ਨਰਵਾਣੇ ਦੀ ਲੈਣਗੇ ਥਾਂ

04/18/2022 8:20:01 PM

ਨੈਸ਼ਨਲ ਡੈਸਕ: ਲੈਫਟੀਨੈਂਟ ਜਨਰਲ ਮਨੋਜ ਪਾਂਡੇ ਥਲ ਸੈਨਾ ਦੇ ਅਗਲੇ ਮੁਖੀ ਹੋਣਗੇ ਅਤੇ ਉਹ ਜਨਰਲ ਐੱਮ. ਐੱਮ. ਨਰਵਾਣੇ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਦੇ ਅੰਤ 'ਚ ਖ਼ਤਮ ਹੋ ਰਿਹਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਜਨਰਲ ਪਾਂਡੇ ਇਸ ਸਮੇਂ ਥਲ ਸੈਨਾ ਦੇ ਉਪ ਮੁਖੀ ਹਨ। ਥਲ ਸੈਨਾ ਦਾ ਉਪ ਮੁਖੀ ਬਣਨ ਤੋਂ ਪਹਿਲਾਂ ਉਹ ਫੌਜ ਦੀ ਪੂਰਬੀ ਕਮਾਂਡ ਦੀ ਅਗਵਾਈ ਕਰ ਰਹੇ ਸਨ। ਇਹ ਕਮਾਂਡ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸੈਕਟਰਾਂ 'ਚ ਅਸਲ ਕੰਟਰੋਲ ਰੇਖਾ ਦੀ ਰਾਖੀ ਲਈ ਜ਼ਿੰਮੇਵਾਰ ਹੈ। ਜਨਰਲ ਨਰਵਾਣੇ ਦਾ ਕਾਰਜਕਾਲ 30 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ : PM ਮੋਦੀ ਖੁਦ ਦਖਲ ਦੇ ਕੇ ਭਾਈ ਰਾਜੋਆਣਾ ਦੀ ਛੇਤੀ ਰਿਹਾਈ ਨੂੰ ਯਕੀਨੀ ਬਣਾਉਣ : ਸੁਖਬੀਰ ਬਾਦਲ

ਲੈਫਟੀਨੈਂਟ ਜਨਰਲ ਪਾਂਡੇ ਨੂੰ ਦਸੰਬਰ 1982 ਵਿਚ 'ਬੰਬੇ ਸੈਪਰਸ' ਵਿਚ ਕਮਿਸ਼ਨ ਮਿਲਿਆ ਸੀ। ਉਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ 'ਚ ਹਿੱਸਾ ਲਿਆ। ਉਨ੍ਹਾਂ ਜੰਮੂ-ਕਸ਼ਮੀਰ 'ਚ ਆਪ੍ਰੇਸ਼ਨ ਪਰਾਕ੍ਰਮ ਦੌਰਾਨ ਕੰਟਰੋਲ ਰੇਖਾ ਦੇ ਨਾਲ ਇਕ ਇੰਜੀਨੀਅਰ ਰੈਜੀਮੈਂਟ ਦੀ ਕਮਾਂਡ ਸੰਭਾਲੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੱਛਮੀ ਲੱਦਾਖ ਦੇ ਉਚਾਈ ਵਾਲੇ ਖੇਤਰਾਂ 'ਚ ਇਕ ਪਹਾੜੀ ਡਵੀਜ਼ਨ ਅਤੇ ਉੱਤਰ-ਪੂਰਬ ਵਿਚ ਇਕ ਕੋਰ ਦੀ ਵੀ ਕਮਾਂਡ ਸੰਭਾਲੀ।

ਇਹ ਵੀ ਪੜ੍ਹੋ : 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਨਾਂ ’ਤੇ ‘ਆਪ’ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ : ਮਨੋਰੰਜਨ ਕਾਲੀਆ

ਉਨ੍ਹਾਂ ਇਥੋਪੀਆ ਤੇ ਏਰੀਟਰੀਆ ਵਿਚ ਸੰਯੁਕਤ ਰਾਸ਼ਟਰ ਮਿਸ਼ਨਾਂ 'ਚ ਮੁੱਖ ਇੰਜੀਨੀਅਰ ਵਜੋਂ ਵੀ ਕੰਮ ਕੀਤਾ ਹੈ। ਉਹ ਜੂਨ 2020 ਤੋਂ ਮਈ 2021 ਤੱਕ ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਕਮਾਂਡਰ-ਇਨ-ਚੀਫ਼ ਰਹੇ। ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ-ਵਿਸ਼ਿਸ਼ਟ ਸੇਵਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਚੀਫ਼ ਆਫ਼ ਆਰਮੀ ਸਟਾਫ਼ ਵੱਲੋਂ ਪ੍ਰਸ਼ੰਸਾ ਪੱਤਰ ਆਦਿ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।


Anuradha

Content Editor

Related News