ਬੇਵਜ੍ਹਾ ਨਹੀਂ ਹੈ ਮਹਿਬੂਬਾ ਮੁਫਤੀ ਦਾ ਇਲਜ਼ਾਮ

07/24/2017 2:36:57 AM

ਜੰਮੂ - ਕਸ਼ਮੀਰ ਦੀ ਮੁੱਖ ਮੰਤਰੀ ਮਹੂਬਬਾ ਮੁਫਤੀ ਨੇ ਚੀਨ 'ਤੇ ਕਸ਼ਮੀਰ 'ਚ ਗੜਬੜ ਫੈਲਾਉਣ ਦਾ ਦੋਸ਼ ਲਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਗੱਲ 'ਤੇ ਭਰੋਸਾ ਨਾ ਕਰਦੇ ਹੋਏ ਇਸ ਮੁੱਦੇ 'ਤੇ ਸੰਸਦ 'ਚ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ, ਜਦਕਿ ਉਨ੍ਹਾਂ ਦੇ ਪਿਤਾ ਸਾਬਕਾ ਕੇਂਦਰੀ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਚੀਨ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਬਿਆਨ ਦਿੱਤਾ ਹੈ ਕਿ ਜੇ ਭਾਰਤ ਨੇ ਚੀਨ ਨਾਲ ਦੋਸਤੀ ਨਿਭਾਈ ਹੁੰਦੀ ਤਾਂ ਅੱਜ ਉਹ ਪਾਕਿਸਤਾਨ ਨਾਲ ਨਾ ਖੜ੍ਹਾ ਹੁੰਦਾ। ਉਮਰ ਸਮੇਤ ਬਹੁਤ ਸਾਰੇ ਲੋਕਾਂ ਨੂੰ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਬਿਆਨ ਪਹਿਲੀ ਨਜ਼ਰੇ ਬੇਸ਼ੱਕ ਬੇਤੁਕਾ ਲੱਗ ਰਿਹਾ ਹੋਵੇ ਪਰ ਇਸ ਨੂੰ ਬੇਵਜ੍ਹਾ ਨਹੀਂ ਕਿਹਾ ਜਾ ਸਕਦਾ। ਇਕ ਕਾਰਨ ਤਾਂ ਇਹ ਹੈ ਕਿ ਜੇ ਮੁੱਖ ਮੰਤਰੀ ਵਰਗੇ ਜ਼ਿੰਮੇਵਾਰ ਅਹੁਦੇ ਉਪਰ ਰਹਿੰਦੇ ਹੋਏ ਮਹਿਬੂਬਾ ਨੇ ਅਜਿਹਾ ਬਿਆਨ ਦਿੱਤਾ ਹੈ ਤਾਂ ਯਕੀਨੀ ਤੌਰ 'ਤੇ ਉਨ੍ਹਾਂ ਕੋਲ ਅਜਿਹੀਆਂ ਖੁਫੀਆ ਜਾਣਕਾਰੀਆਂ ਹੋਣਗੀਆਂ। ਦੂਜਾ, ਸੂਬੇ ਦੇ ਲੱਦਾਖ ਖੇਤਰ ਵਿਚ ਤਾਂ ਚੀਨ ਉਂਝ ਵੀ ਪਿਛਲੇ ਸਾਢੇ 5 ਦਹਾਕਿਆਂ ਤੋਂ ਸਿੱਧੀ ਦਖਲਅੰਦਾਜ਼ੀ ਕਰ ਰਿਹਾ ਹੈ ਤਾਂ ਪਾਕਿਸਤਾਨ ਨਾਲ ਪੱਕੀ ਹੁੰਦੀ ਉਸ ਦੀ ਤਾਜ਼ਾ ਦੋਸਤੀ ਦੇ ਮੱਦੇਨਜ਼ਰ ਕਸ਼ਮੀਰ 'ਚ ਉਸ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।