ਪਾਣੀ 'ਚ ਫਸੀ ਮਹਾਲਕਸ਼ਮੀ ਐਕਸਪ੍ਰੈੱਸ, ਬਚਾਏ ਗਏ ਸਾਰੇ 700 ਯਾਤਰੀ

07/27/2019 3:23:15 PM

ਮੁੰਬਈ— ਮੁੰਬਈ 'ਚ ਭਾਰੀ ਬਾਰਿਸ਼ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਟਰੇਨਾਂ ਦੀ ਆਵਾਜਾਈ 'ਤੇ ਵੀ ਭਾਰੀ ਬਾਰਿਸ਼ ਦਾ ਅਸਰ ਪਿਆ ਹੈ। ਮੁੰਬਈ ਤੋਂ ਕੋਲਹਾਪੁਰ ਦਰਮਿਆਨ ਚੱਲਣ ਵਾਲੀ ਮਹਾਲਕਸ਼ਮੀ ਐਕਸਪ੍ਰੈੱਸ ਟਰੇਨ ਲਗਾਤਾਰ ਬਾਰਿਸ਼ ਕਾਰਨ ਫਸ ਗਈ ਹੈ। ਇਹ ਟਰੇਨ ਬਦਲਾਪੁਰ ਅਤੇ ਵਾਂਗਨੀ ਸਟੇਸ਼ਨਾਂ ਵਿਚਾਲੇ ਟਰੇਨ ਟਰੈਕ 'ਤੇ ਕਾਫੀ ਪਾਣੀ ਜਮਾਂ ਹੋਣ ਕਾਰਨ ਫਸ ਗਈ। ਟਰੇਨ 'ਚ 700 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਬਚਾ ਲਿਆ ਅਤੇ ਸੁਰੱਖਿਅਤ ਥਾਂ ਪਹੁੰਚਾ ਦਿੱਤਾ ਹੈ। ਇਸ ਤੋਂ ਪਹਿਲਾਂ ਟੀਮ ਨੇ ਔਰਤਾਂ ਅਤੇ ਬੱਚਿਆਂ ਸਮੇਤ ਹੁਣ ਤਕ 500 ਲੋਕਾਂ ਨੂੰ ਬਚਾਇਆ ਸੀ। ਬਚਾਏ ਗਏ ਯਾਤਰੀਆਂ 'ਚ 9 ਗਰਭਵਤੀ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਵਜ੍ਹਾ ਕਰ ਕੇ ਮਹਿਲਾ ਡਾਕਟਰ ਸਮੇਤ 37 ਡਾਕਟਰਾਂ ਦੀ ਟੀਮ ਅਤੇ ਐਂਬੂਲੈਂਸ ਨੂੰ ਵੀ ਮੌਕੇ 'ਤੇ ਪਹੁੰਚਾਇਆ ਗਿਆ। ਰੇਲਵੇ ਪ੍ਰੋਟੇਕਸ਼ਨ ਫੋਰਸ (ਆਰ. ਪੀ. ਐੱਫ.) ਅਤੇ ਸਿਟੀ ਪੁਲਸ ਦੀਆਂ ਟੀਮਾਂ ਯਾਤਰੀਆਂ ਨੂੰ ਖਾਣ-ਪੀਣ ਦੀ ਸਮੱਗਰੀ ਮੁਹੱਈਆ ਕਰਵਾ ਰਹੀਆਂ ਹਨ।

ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਰਾਹਤ ਅਤੇ ਬਚਾਅ ਕੰਮ ਵਿਚ ਨੇਵੀ ਟੀਮ, ਇੰਡੀਅਨ ਏਅਰਫੋਰਸ ਦੇ 2 ਹੈਲੀਕਾਪਟਰ, ਫੌਜ ਦੀ ਟੁਕੜੀ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਜੁੱਟਿਆ ਹੈ। ਸਥਿਤੀ ਕੰਟਰੋਲ ਵਿਚ ਹੈ। ਇੱਥੇ ਦੱਸ ਦੇਈਏ ਕਿ ਭਾਰੀ ਬਾਰਿਸ਼ ਕਾਰਨ 13 ਟਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ, ਜਦਕਿ 2 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ।

ਓਧਰ ਸੈਂਟਰਲ ਰੇਲਵੇ ਦੇ ਸੀ. ਪੀ. ਆਰ. ਓ. ਨੇ ਪਾਣੀ 'ਚ ਫਸੀ ਮਹਾਲਕਸ਼ਮੀ ਐਕਸਪ੍ਰੈੱਸ ਦੇ ਯਾਤਰੀਆਂ ਨੂੰ ਅਪੀਲ ਕੀਤੀ ਹੈ। ਆਪਣੀ ਅਪੀਲ ਵਿਚ ਰੇਲਵੇ ਨੇ ਕਿਹਾ ਕਿ ਅਸੀਂ ਯਾਤਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਟਰੇਨ ਤੋਂ ਨਾ ਉਤਰਨ। ਕ੍ਰਿਪਾ ਕਰ ਕੇ ਐੱਨ. ਡੀ. ਆਰ. ਐੱਫ. ਅਤੇ ਦੂਜੀਆਂ ਜ਼ੋਖਮ ਪ੍ਰਬੰਧਨ ਏਜੰਸੀਆਂ ਦੀ ਸਲਾਹ ਦੀ ਉਡੀਕ ਕਰੋ।

Tanu

This news is Content Editor Tanu