ਜਗਮੇਲ ਕਤਲ ਮਾਮਲਾ : ਪੰਜਾਬ ਦੇ ਮਾਲਵਾ ''ਚ ਵਧ ਰਿਹੈ ਨਕਸਲਵਾਦ ਦਾ ਖਤਰਾ

11/30/2019 2:26:25 PM

ਨਵੀਂ ਦਿੱਲੀ/ਸੰਗਰੂਰ— ਪੰਜਾਬ ਦੇ ਸੰਗਰੂਰ ਵਿਚ ਦਲਿਤ ਮਜ਼ਦੂਰ ਦੀ ਹੱਤਿਆ ਤੋਂ ਬਾਅਦ ਭਾਜਪਾ ਦੀ ਟੀਮ ਨੇ ਪੰਜਾਬ ਦਾ ਦੌਰਾ ਕੀਤਾ। ਟੀਮ ਨੇ ਕਿਹਾ ਕਿ ਜਾਤੀ ਹਿੰਸਾ ਦੀ ਲਪੇਟ 'ਚ ਮਾਲਵਾ ਖੇਤਰ 'ਚ ਨਕਸਲਵਾਦ ਖਤਰਾ ਵਧਦਾ ਜਾ ਰਿਹਾ ਹੈ ਅਤੇ ਇਸ ਨੂੰ ਹੱਲ ਕਰਨ ਦੀ ਤੁਰੰਤ ਲੋੜ ਹੈ। ਇਕ ਅੰਗਰੇਜ਼ੀ ਅਖਬਾਰ 'ਚ ਛਪੀ ਖਬਰ ਮੁਤਾਬਕ ਇਸ ਗੱਲ ਦਾ ਖੁਲਾਸ ਕੀਤਾ ਗਿਆ ਹੈ। ਭਾਜਪਾ ਦੇ ਉੱਪ ਪ੍ਰਧਾਨ ਵਿਨੈ ਸਹਿਸਰਬੁੱਧੇ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਖੁਲਾਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਇਸ ਮਾਮਲੇ ਨੂੰ ਸੁਲਝਾਉਣ ਲਈ ਉੱਚਿਤ ਕਦਮ ਚੁੱਕ ਰਹੀ ਹੈ। ਤੱਥ ਲੱਭਣ ਵਾਲੇ ਪੈਨਲ 'ਚ ਵਿਨੈ, ਸਾਬਕਾ ਕੇਂਦਰੀ ਮੰਤਰੀ ਸੱਤਿਆਪਾਲ ਸਿੰਘ ਅਤੇ ਲੋਕ ਸਭਾ ਸੰਸਦ ਮੈਂਬਰ ਵੀ. ਡੀ. ਰਾਮ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਅਸੀਂ ਜਿਸ ਖੇਤਰ ਵਿਚ ਗਏ, ਲੋਕਾਂ ਨੇ ਨਕਸਲੀ ਗਤੀਵਿਧੀਆਂ 'ਚ ਵਾਧੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਵਿਨੈ ਨੇ ਦੱਸਿਆ ਕਿ ਇੱਥੋਂ ਤਕ ਕਿ ਪੁਲਸ ਮੁਲਾਜ਼ਮਾਂ ਨੇ ਵੀ ਸਾਡੇ ਨਾਲ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸੰਗਰੂਰ ਵਿਚ ਦਲਿਤ ਧਰਮਸ਼ਾਲਾ 'ਚ ਨਕਸਲ ਨੇਤਾਵਾਂ ਅਤੇ ਨਕਸਲ ਪ੍ਰਭਾਵਿਤ ਸਾਹਿਤ ਨੂੰ ਦੇਖਿਆ।ਇਸ ਦੀ ਇਕ ਰਿਪੋਰਟ ਭਾਜਪਾ ਮੁਖੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ, ਕੇਂਦਰੀ ਸਮਾਜਿਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ ਅਤੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਸੌਂਪੀ ਗਈ ਹੈ।

ਜ਼ਿਕਰਯੋਗ ਹੈ ਸੰਗਰੂਰ ਦੇ ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਪਾਣੀ ਮੰਗਣ 'ਤੇ ਉਸ ਨੂੰ ਪਿਸ਼ਾਬ ਤਕ ਪਿਲਾਇਆ ਗਿਆ ਸੀ। ਉਸ ਦੀਆਂ ਲੱਤਾਂ ਨੂੰ ਪਲਾਸ ਨਾਲ ਨੋਚਿਆ ਗਿਆ ਸੀ। ਅਜਿਹੀ ਗੈਰ-ਮਨੁਖੀ ਤਸ਼ੱਦਦ ਕਾਰਨ ਉਸ ਦੀ ਮੌਤ ਹੋ ਗਈ। ਜਗਮੇਲ ਨਾਲ ਹੋਈ ਬੇਰਹਿਮੀ ਬਾਰੇ ਗੱਲ ਕਰਦਿਆਂ ਵਿਨੈ ਨੇ ਕਿਹਾ ਕਿ ਡਾਕਟਰੀ ਮਦਦ ਦੇਰ ਨਾਲ ਮਿਲਣ ਕਾਰਨ ਉਸ ਨੂੰ ਇਨਫੈਕਸ਼ਨ ਹੋ ਗਿਆ ਅਤੇ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਮੌਤ ਦੇ ਮੂੰਹ 'ਚ ਚੱਲਾ ਗਿਆ। ਭਾਜਪਾ ਨੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਜਾਂਚ ਦੇ ਹੁਕਮ ਦੇ ਚੁੱਕੇ ਹਨ।

Tanu

This news is Content Editor Tanu