ਸਿੱਧੂ ਦਾ ਤਿੱਖਾ ਬਿਆਨ- ''ਮੌਕਾ ਮਿਲਿਆ ਤਾਂ ਪਾਕਿ ਜਾ ਕੇ ਜੱਫੀ ਕੀ ''ਪੱਪੀ'' ਵੀ ਕਰਾਂਗਾ''

10/13/2018 1:49:23 PM

ਸੋਲਨ (ਬਿਊਰੋ)— ਪੰਜਾਬ ਦੇ ਕੈਬਨਿਟ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ। ਸਿੱਧੂ ਨੇ ਇਸ ਮੁੱਦੇ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਮੇਰੇ ਪਾਕਿਸਤਾਨ ਜਾਣ ਅਤੇ ਉੱਥੇ ਜਾ ਕੇ ਫੌਜ ਮੁਖੀ ਨੂੰ ਜੱਫੀ ਪਾਉਣ 'ਤੇ ਇਤਰਾਜ਼ ਹੈ, ਉਹ ਕਰਦੇ ਰਹਿਣ। ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਹ ਪਾਕਿਸਤਾਨ ਜਾ ਕੇ ਜੱਫੀ ਕੀ ਪੱਪੀ ਵੀ ਕਰਨਗੇ। ਸਿੱਧੂ ਨੇ ਕਿਹਾ ਕਿ ਇਹ ਕੋਈ ਰਾਫੇਲ ਡੀਲ ਵਾਂਗ ਸਾਜਿਸ਼ ਨਹੀਂ ਸੀ। ਉਹ ਆਪਣੀ ਪੂਰੀ ਜ਼ਿੰਦਗੀ ਕਰਤਾਰਪੁਰ ਲਾਂਘਾ ਖੋਲ੍ਹਵਾਉਣ 'ਚ ਸਮਰਪਿਤ ਕਰਨ ਦਾ ਜਜ਼ਬਾ ਰੱਖਦੇ ਹਨ।  

ਨਵਜੋਤ ਸਿੰਘ ਸਿੱਧੂ ਨੇ ਖੁਸ਼ਵੰਤ ਸਿੰਘ ਸਾਹਿਤ ਫੈਸਟੀਵਲ ਵਿਚ ਜਲਿਆਂਵਾਲਾ ਬਾਗ 'ਤੇ ਹੋ ਰਹੀ ਚਰਚਾ ਦੌਰਾਨ ਇਕ ਪ੍ਰਸ਼ਨ ਦੇ ਜਵਾਬ ਵਿਚ ਇਹ ਗੱਲ ਆਖੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਤਿਆਰ ਹੋਇਆ, ਜਦੋਂ ਉਨ੍ਹਾਂ ਨੂੰ ਫੌਜ ਮੁਖੀ ਜਾਵੇਦ ਨੇ ਇਹ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਜੱਫੀ ਪਾ ਲਈ।


ਸਿੱਧੂ ਨੇ ਜਲਿਆਂਵਾਲਾ ਬਾਗ ਗੋਲੀ ਕਾਂਡ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਸਾਲ ਇਸ ਗੋਲੀ ਕਾਂਡ ਦੀ 100ਵੀਂ ਵਰ੍ਹੇਗੰਢ ਆਉਣ ਵਾਲੀ ਹੈ ਪਰ ਗੋਲੀ ਕਾਂਡ ਵਿਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਵਿਚ ਪ੍ਰੋਗਰਾਮ ਆਯੋਜਿਤ ਕਰਨ ਲਈ ਕੇਂਦਰ ਸਰਕਾਰ, ਪੰਜਾਬ ਸਰਕਾਰ ਨੂੰ ਆਗਿਆ ਨਹੀਂ ਦੇ ਰਹੀ ਹੈ। ਪਿਛਲੇ 10 ਸਾਲਾਂ ਵਿਚ ਬਾਦਲ ਸਰਕਾਰ ਨੇ ਕੁਝ ਨਹੀਂ ਕੀਤਾ। ਉਨ੍ਹਾਂ ਨੇ ਇਸ ਨੂੰ ਲੈ ਕੇ ਕੇਂਦਰ ਨੂੰ 4 ਚਿੱਠੀਆਂ ਲਿਖੀਆਂ ਪਰ ਕੇਂਦਰ ਵਲੋਂ ਕੋਈ ਜਵਾਬ ਨਹੀਂ ਮਿਲਿਆ। ਸਿੱਧੂ ਨੇ ਕਿਹਾ ਕਿ ਗੱਲਬਾਤ ਹੀ ਹਰ ਸਮੱਸਿਆ ਦਾ ਹਲ ਹੈ। ਭਾਰਤ-ਪਾਕਿਸਤਾਨ ਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ।