ਯੂਕ੍ਰੇਨ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਮ੍ਰਿਤਕ ਦੇਹ 21 ਮਾਰਚ ਨੂੰ ਲਿਆਂਦੀ ਜਾਵੇਗੀ ਭਾਰਤ

03/19/2022 12:08:11 PM

ਬੈਂਗਲੁਰੂ (ਵਾਰਤਾ)- ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ ਦੀ ਗੋਲੀਬਾਰੀ 'ਚ ਮਾਰੇ ਗਏ ਭਾਰਤੀ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮ੍ਰਿਤਕ ਦੇਹ 21 ਮਾਰਚ ਨੂੰ ਇੱਥੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ਲਿਆਂਦੀ ਜਾਵੇਗੀ। ਬੋਮਈ ਨੇ ਕਿਹਾ,''ਮ੍ਰਿਤਕ ਦੇਹ ਸੋਮਵਾਰ (21 ਮਾਰਚ) ਤੜਕੇ ਤਿੰਨ ਵਜੇ ਕੇਮਪੇਗੌੜਾ ਕੌਮਾਂਤਰੀ ਹਵਾਈ ਅੱਡੇ ਪਹੁੰਚੇਗੀ।'' ਨਵੀਨ ਦੀ ਮ੍ਰਿਤਕ ਦੇਹ ਨੂੰ ਫਿਲਹਾਲ ਖਾਰਕੀਵ ਦੇ ਬਾਹਰੀ ਇਲਾਕੇ 'ਚ ਸਥਿਤ ਇਕ ਮੁਰਦਾਘਰ 'ਚ ਸੁਰੱਖਿਅਤ ਰੱਖੀ ਗਈ ਹੈ।

ਇਹ ਵੀ ਪੜ੍ਹੋ : ਵੰਡ ਦੌਰਾਨ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਦੇਣਾ ਇਕ ਗਲਤੀ ਸੀ : ਅਮਿਤ ਸ਼ਾਹ

ਦੱਸਣਯੋਗ ਹੈ ਕਿ 21 ਸਾਲ ਦੇ ਨਵੀਨ ਦੀ ਮੌਤ ਬੀਤੇ ਦਿਨੀਂ ਖਾਰਕੀਵ ਮੈਟਰੋ ਰੇਲਵੇ ਸਟੇਸ਼ਨ ਦੇ ਬਾਹਰ ਗੋਲੀਬਾਰੀ 'ਚ ਹੋਈ ਸੀ। ਪੂਰਬੀ ਯੂਕ੍ਰੇਨ ਦੇ ਡੋਨਬਾਸ ਖੇਤਰ 'ਚ ਰੂਸੀ ਸਰਹੱਦ ਕੋਲ ਸਥਿਤ ਖਾਰਕੀਵ ਸ਼ਹਿਰ 'ਚ ਯੂਕ੍ਰੇਨ ਅਤੇ ਰੂਸ ਵਿਚਾਲੇ ਛਿੜੀ ਭਿਆਨਕ ਜੰਗ ਕਾਰਨ ਨਵੀਨ ਦੀ ਮ੍ਰਿਤਕ ਦੇਹ ਆਉਣ 'ਚ ਦੇਰੀ ਹੋਈ ਹੈ। ਕਰਨਾਟਕ ਦੇ ਰਾਨੀਬੇਨੂੰਰ ਤਾਲੁਕ ਦੇ ਚਲਗੇਰੀ ਪਿੰਡ ਦੇ ਵਾਸੀ ਨਵੀਨ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਸਨ। ਕਰਨਾਟਕ ਸਰਕਾਰ ਨੇ ਨਵੀਨ ਦੇ ਪਰਿਵਾਰ ਨੂੰ ਮਦਦ ਰਾਸ਼ੀ ਦੇ ਰੂਪ 'ਚ 25 ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਸ਼੍ਰੀ ਬੋਮਈ ਨੇ ਸ਼ੇਖਰੱਪਾ ਗਿਆਨਗੌਦਰ ਦੇ ਵੱਡੇ ਪੁੱਤਰਾਂ 'ਚੋਂ ਇਕ ਨੂੰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਨ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News