ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਦਾ ਦੇਸ਼ ਨਾਲੋਂ ਸੰਪਰਕ ਟੁੱਟਿਆ, ਹਵਾਈ ਸੇਵਾਵਾਂ ਵੀ ਰੱਦ

01/05/2021 1:44:56 PM

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਘਾਟੀ ਵਿਚ ਬਰਫ਼ਬਾਰੀ ਕਾਰਨ ਮੰਗਲਵਾਰ ਯਾਨੀ ਕਿ ਅੱਜ ਲਗਾਤਾਰ ਦੂਜੇ ਦਿਨ ਵੀ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਅਤੇ ਮੁਗ਼ਲ ਰੋਡ ਬੰਦ ਰਿਹਾ, ਜਿਸ ਨਾਲ ਕਸ਼ਮੀਰ ਦਾ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਤੋਂ ਟੁੱਟ ਗਿਆ ਹੈ। ਹਾਈਵੇਅ ’ਤੇ ਕਈ ਥਾਵਾਂ ’ਤੇ ਕਰੀਬ 4500 ਵਾਹਨ ਫਸੇ ਹਨ। ਆਵਾਜਾਈ ਕੰਟਰੋਲ ਮਹਿਕਮੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਖ਼ਾਸ ਕਰ ਕੇ ਜਵਾਹਰ ਸੁਰੰਗ ਦੇ ਆਲੇ-ਦੁਆਲੇ ਬਰਫ਼ ਦੇ ਇਕੱਠਾ ਹੋਣ ਕਾਰਨ ਬੰਦ ਹਨ। ਉਨ੍ਹਾਂ ਦੱਸਿਆ ਕਿ ਬਰਫ਼ ਨੂੰ ਹਟਾਉਣ ਦਾ ਕੰਮ ਜਾਰੀ ਹੈ ਅਤੇ 260 ਕਿਲੋਮੀਟਰ ਲੰਬੇ ਹਾਈਵੇਅ ’ਤੇ ਫਸੇ ਵਾਹਨਾਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਹੀ ਸ਼ੋਪੀਆਂ-ਰਾਜੌਰੀ ਦੇ ਰਸਤੇ ਜੰਮੂ ਅਤੇ ਸ਼੍ਰੀਨਗਰ ਨੂੰ ਜੋੜਨ ਵਾਲੇ ਮੁਗ਼ਲ ਰੋਡ, ਖੇਤਰ ਵਿਚ ਭਾਰੀ ਬਰਫ਼ਬਾਰੀ ਕਾਰਨ ਕਈ ਦਿਨਾਂ ਤੋਂ ਬੰਦ ਹਨ। ਅਧਿਕਾਰੀ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸਭ ਤੋਂ ਵਧੇਰੇ ਬਰਫ਼ਬਾਰੀ ਹੋਈ, ਜਿੱਥੇ ਕੁਝ ਥਾਵਾਂ ’ਤੇ 3 ਤੋਂ 4 ਫੁੱਟ ਤੱਕ ਬਰਫ਼ ਇਕੱਠਾ ਹੋ ਗਈ ਹੈ।

ਸ਼੍ਰੀਨਗਰ ਵਿਚ ਪਿਛਲੇ 3 ਦਿਨਾਂ ਤੋਂ ਬਰਫ਼ਬਾਰੀ ਹੋ ਰਹੀ ਹੈ ਪਰ ਬਰਫ਼ ਹਟਾਉਣ ਦੀ ਮੁਹਿੰਮ ਜਾਰੀ ਹੋਣ ਨਾਲ ਇੱਥੇ ਆਵਾਜਾਈ ਸੁਚਾਰੂ ਰੂਪ ਨਾਲ ਜਾਰੀ ਹੈ। ਪ੍ਰਸ਼ਾਸਨ ਇਹ ਯਕੀਨੀ ਕਰ ਰਿਹਾ ਹੈ ਕਿ ਬਰਫ਼ਬਾਰੀ ਤੋਂ ਸ਼ਹਿਰ ਅਤੇ ਘਾਟੀ ’ਚ ਹੋਰ ਥਾਵਾਂ ’ਤੇ ਜ਼ਰੂਰੀ ਸੇਵਾਵਾਂ ਘੱਟ ਤੋਂ ਘੱਟ ਪ੍ਰਭਾਵਿਤ ਹੋਣ। ਸੜਕਾਂ ’ਤੇ ਫਿਸਲਣ ਹੋਣ ਦੀ ਵਜ੍ਹਾ ਨਾਲ ਕਈ ਥਾਵਾਂ ’ਤੇ ਜਾਮ ਵੀ ਲੱਗਾ। ਅਧਿਕਾਰੀ ਨੇ ਦੱਸਿਆ ਖਰਾਬ ਵਿਜ਼ੀਬਿਲਟੀ (ਘੱਟ ਨਜ਼ਰ ਆਉਣ) ਕਾਰਨ ਸ਼੍ਰੀਨਗਰ ਵਿਚ ਦੂਜੇ ਦਿਨ ਜਹਾਜ਼ ਸੇਵਾਵਾਂ ਰੱਦ ਰਹੀਆਂ।

ਅਧਿਕਾਰੀ ਨੇ ਦੱਸਿਆ ਕਿ ਬਰਫ਼ਬਾਰੀ ਕਾਰਨ ਘਾਟੀ ਵਿਚ ਘੱਟੋ-ਘੱਟ ਤਾਪਮਾਨ ਵਧਿਆ ਪਰ ਹੁਣ ਵੀ ਉਹ ਸਿਫਰ ਤੋਂ ਹੇਠਾਂ ਹੀ ਹੈ। ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨ ਮਹਿਕਮੇ ਦਫ਼ਤਰ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿਚ ਕੁਝ ਥਾਵਾਂ, ਖ਼ਾਸ ਕਰ ਕੇ ਦੱਖਣੀ ਕਸ਼ਮੀਰ, ਗੁਲਮਰਗ, ਬਨਿਹਾਲ-ਰਾਮਬਨ, ਪੁੰਛ, ਰਾਜੌਰੀ, ਕਿਸ਼ਤਵਾੜ ਅਤੇ ਦਰਾਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਉੱਚਾਈ ਵਾਲੇ ਇਲਾਕਿਆਂ ਵਿਚ ਮੱਧ ਤੋਂ ਭਾਰੀ ਬਰਫ਼ਬਾਰੀ ਦਾ ਪੂਰਵ ਅਨੁਮਾਨ ਹੈ। 

Tanu

This news is Content Editor Tanu