ਅੱਜ ਤੋਂ ਕੁੱਲੂ-ਮਨਾਲੀ ਨੈਸ਼ਨਲ ਹਾਈਵੇਅ ਦੋ ਦਿਨਾਂ ਲਈ ਬੰਦ

10/11/2018 1:59:45 PM

ਮਨਾਲੀ— ਹਿਮਾਚਲ ਪ੍ਰਦੇਸ਼ ਦੀ ਨਗਰੀ ਮਨਾਲੀ ਜਾ ਰਹੇ ਸੈਲਾਨੀਆਂ ਲਈ ਮੁਸ਼ਕਲਾਂ ਵਧ ਸਕਦੀਆਂ ਹਨ। ਕੁੱਲੂ-ਮਨਾਲੀ ਨੈਸ਼ਨਲ ਹਾਈਵੇਅ 11 ਅਤੇ 12 ਅਕਤੂਬਰ ਨੂੰ ਵਾਹਨਾਂ ਲਈ ਬੰਦ ਰਹੇਗਾ। ਕਲਾਥ ਦੇ ਨੇੜੇ ਸੜਕ ਦੇ ਕੰਮ ਨੂੰ ਜਲਦੀ ਪੂਰਾ ਕਰਨ ਨੂੰ ਲੈ ਕੇ ਪ੍ਰਸ਼ਾਸਨ ਨੇ ਇਹ ਕਦਮ ਚੁਕਿਆ ਹੈ। 23 ਸਤੰਬਰ ਨੂੰ ਬਿਆਸ 'ਚ ਆਏ ਭਿਆਨਕ ਹੜ੍ਹ ਨਾਲ ਮਨਾਲੀ-ਕੁੱਲੂ ਮਾਰਗ ਥਾਂ-ਥਾਂ ਤੋਂ ਖਰਾਬ ਹੋ ਗਿਆ ਸੀ।

ਫੋਰਲੇਨ ਨਿਰਮਾਣ 'ਚ ਜੁਟੀ ਕੰਪਨੀ ਨੇ ਹਾਲਾਂਕਿ ਕੁਝ ਹਿੱਸੇ ਨੂੰ ਠੀਕ ਕਰ ਲਿਆ ਹੈ ਪਰ ਕਲਾਥ ਆਲੂ ਗ੍ਰਾਊਂਡ ਅਤੇ ਰਾਂਗੜੀ ਦੇ ਨੇੜੇ ਅਜੇ ਵੀ ਹਾਲਾਤ ਖਰਾਬ ਹਨ ਜਿਸ ਕਾਰਨ ਵੋਲਵੋ ਬੱਸਾਂ 'ਚ ਮਨਾਲੀ ਆ ਰਹੇ ਸੈਲਾਨੀ ਇੱਥੇ ਤਕ ਨਹੀਂ ਪਹੁੰਚ ਪਾ ਰਹੇ ਹਨ। ਮਨਾਲੀ ਐੱਸ.ਡੀ.ਐੱਮ. ਰਮਨ ਘਰਸੰਗੀ ਨੇ ਦੱਸਿਆ ਕਿ ਸੜਕ ਦੀ ਹਾਲਤ ਨੂੰ ਜਲਦੀ ਹੀ ਸੁਧਾਰਨ ਲਈ 11 ਅਤੇ 12 ਤਰੀਕ ਨੂੰ ਕੁੱਲੂ-ਮਨਾਲੀ ਨੈਸ਼ਨਲ ਹਾਈਵੇਅ ਵਾਹਨਾਂ ਲਈ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਅਧਿਸੂਚਨਾ ਜਾਰੀ ਕਰ ਸਾਰਿਆਂ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 2 ਦਿਨਾਂ ਦੇ ਅੰਦਰ ਇਸ ਰਸਤੇ ਦੀ ਹਾਲਤ ਸੁਧਾਰੀ ਜਾਵੇਗੀ ਤਾਂ ਕਿ ਵੱਡੇ ਵਾਹਨਾਂ ਸਮਤੇ ਵੋਲਵੋ ਬੱਸਾਂ ਵੀ ਮਨਾਲੀ ਪਹੁੰਚ ਸਕਣ।

ਇਨ੍ਹਾਂ 2 ਦਿਨਾਂ 'ਚ ਵਾਹਨ ਚਾਲਕ ਕੁੱਲੂ-ਨੱਗਰ ਮਨਾਲੀ ਮਾਰਗ ਤੋਂ ਸਫਰ ਕਰ ਸਕਦੇ ਹਨ। ਵਾਹਨ ਚਾਲਕ ਕੁੱਲੂ ਤੋਂ ਨੈਸ਼ਨਲ ਹਾਈਵੇਅ ਤੋਂ ਹੁੰਦੇ ਹੋਏ ਵਾਇਆ ਨੱਗਰ ਤੋਂ ਵੀ ਮਨਾਲੀ ਪਹੁੰਚ ਸਕਦੇ ਹਨ।