ਨੈਸ਼ਨਲ ਹੇਰਾਲਡ ਮਾਮਲਾ : ਰਾਹੁਲ ਗਾਂਧੀ ਤੋਂ ED ਦੀ ਪੁੱਛਗਿੱਛ ਖ਼ਤਮ, ਸਾਢੇ 8 ਘੰਟੇ ਤਕ ਹੋਏ ਸਵਾਲ-ਜਵਾਬ

06/13/2022 9:57:28 PM

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਨੈਸ਼ਨਲ ਹੇਰਾਲਡ’ ਮਨੀ ਲਾਂਡਰਿੰਗ ਮਾਮਲੇ ’ਚ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਈ. ਡੀ. ਨੇ ਤਕਰੀਬਨ ਸਾਢੇ 8 ਘੰਟਿਆਂ ਤੱਕ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਹੁਲ ਗਾਂਧੀ ਸਵੇਰੇ ਤਕਰੀਬਨ 11.10 ਵਜੇ ਏ.ਪੀ.ਜੇ. ਅਬਦੁਲ ਕਲਾਮ ਰੋਡ ਸਥਿਤ ਈ.ਡੀ. ਦੇ ਹੈੱਡਕੁਆਰਟਰ ਪਹੁੰਚੇ ਅਤੇ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਅਤੇ ਉਨ੍ਹਾਂ ਦੀ ਮੌਜੂਦਗੀ ਦਰਜ ਕਰਨ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਰਾਹੁਲ ਗਾਂਧੀ ਨੂੰ ਦੁਪਹਿਰ ਤਕਰੀਬਨ 2.10 ਵਜੇ ਈ. ਡੀ. ਹੈੱਡਕੁਆਰਟਰ ਤੋਂ ਖਾਣਾ ਖਾਣ ਲਈ ਬਾਹਰ ਜਾਣ ਦਿੱਤਾ ਗਿਆ। ਦੁਪਹਿਰ ਦੇ ਖਾਣੇ ਦੀ ਬਰੇਕ ਤੋਂ ਬਾਅਦ ਉਹ ਬਾਅਦ ਦੁਪਹਿਰ ਤਕਰੀਬਨ ਸਾਢੇ 3 ਵਜੇ ਦੁਬਾਰਾ ਈ.ਡੀ. ਦੇ ਸਾਹਮਣੇ ਪੇਸ਼ ਹੋਏ ਅਤੇ ਤਕਰੀਬਨ ਸਾਢੇ 9 ਵਜੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਧਾਰਾ 50 ਤਹਿਤ ਲਿਖਤੀ ਰੂਪ ’ਚ ਆਪਣਾ ਬਿਆਨ ਦਿੱਤਾ ਹੈ। ਸਵੇਰੇ ਰਾਹੁਲ ਗਾਂਧੀ ਪੁੱਛਗਿੱਛ ਲਈ ਕਾਂਗਰਸ ਹੈੱਡਕੁਆਰਟਰ ਤੋਂ ਈ. ਡੀ. ਦਫ਼ਤਰ ਪੁੱਜੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਕੀਤੀ ਇਹ ਬੇਨਤੀ

ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਕਈ ਸੀਨੀਅਰ ਕਾਂਗਰਸੀ ਆਗੂ ਅਤੇ ਵੱਡੀ ਗਿਣਤੀ ’ਚ ਵਰਕਰ ਪੁੱਜੇ ਅਤੇ ਰਾਹੁਲ ਗਾਂਧੀ ਨੂੰ ਆਪਣਾ ਸਮਰਥਨ ਜ਼ਾਹਿਰ ਕੀਤਾ। ਜਦੋਂ ਰਾਹੁਲ ਗਾਂਧੀ ਦਾ ਕਾਫਿਲਾ ਈ.ਡੀ. ਹੈੱਡਕੁਆਰਟਰ ਪਹੁੰਚਿਆ ਤਾਂ ਪ੍ਰਿਅੰਕਾ ਗਾਂਧੀ ਵੀ ਕਾਰ ’ਚ ਉਨ੍ਹਾਂ ਦੇ ਨਾਲ ਹੀ ਬੈਠੇ ਸਨ। ਏਜੰਸੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀਆਂ ਅਪਰਾਧਿਕ ਧਾਰਾਵਾਂ ਤਹਿਤ ਰਾਹੁਲ ਗਾਂਧੀ ਦੇ ਬਿਆਨ ਦਰਜ ਕਰ ਰਹੀ ਹੈ। ਅਧਿਕਾਰੀਆਂ ਮੁਤਾਬਕ ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਗਾਂਧੀ ਪਰਿਵਾਰ ਤੋਂ ਪੁੱਛਗਿੱਛ 'ਯੰਗ ਇੰਡੀਅਨ' ਅਤੇ 'ਐਸੋਸੀਏਟਿਡ ਜਰਨਲਜ਼ ਲਿਮਟਿਡ' (ਏ.ਜੇ.ਐੱਲ.) ਦੇ ਪ੍ਰਮੋਟਰਾਂ ਦੀ ਹਿੱਸੇਦਾਰੀ ਪੈਟਰਨ, ਵਿੱਤੀ ਲੈਣ-ਦੇਣ ਅਤੇ ਭੂਮਿਕਾ ਨੂੰ ਸਮਝਣ ਲਈ ਈ.ਡੀ. ਦੀ ਜਾਂਚ ਦਾ ਹਿੱਸਾ ਹੈ। ‘ਯੰਗ ਇੰਡੀਅਨ’ ਦੇ ਪ੍ਰਮੋਟਰਾਂ ਅਤੇ ਸ਼ੇਅਰਧਾਰਕਾਂ ’ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕੁਝ ਹੋਰ ਕਾਂਗਰਸੀ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ : ਲੁਟੇਰਿਆਂ ’ਚ ਨਹੀਂ ਰਿਹਾ ਖ਼ਾਕੀ ਦਾ ਖ਼ੌਫ਼, ਲੁੱਟ-ਖੋਹ ਦੌਰਾਨ ਪੰਜਾਬ ਪੁਲਸ ਦੇ ASI ਨੂੰ ਮਾਰੀ ਗੋਲ਼ੀ

ਸਮਝਿਆ ਜਾਂਦਾ ਹੈ ਕਿ ਮਾਮਲੇ ਨਾਲ ਜੁੜੇ ਸਹਾਇਕ ਡਾਇਰੈਕਟਰ ਰੈਂਕ ਦੇ ਇਕ ਈ.ਡੀ. ਅਧਿਕਾਰੀ ਨੇ ‘ਯੰਗ ਇੰਡੀਅਨ’ ਦੀ ਸਥਾਪਨਾ, ‘ਨੈਸ਼ਨਲ ਹੇਰਾਲਡ’ ਦੇ ਸੰਚਾਲਨ ਅਤੇ ਫੰਡਾਂ ਦੇ ਕਥਿਤ ਟਰਾਂਸਫਰ ਬਾਰੇ ਸਵਾਲਾਂ ਦੀ ਸੂਚੀ ਅੱਗੇ ਰੱਖੀ ਹੈ। ‘ਯੰਗ ਇੰਡੀਅਨ’ ਦੀਆਂ ਕਥਿਤ ਵਿੱਤੀ ਬੇਨਿਯਮੀਆਂ ਦੀ ਵੀ ਜਾਂਚ ਚੱਲ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਸ ਦੇ ਚੋਟੀ ਦੇ ਨੇਤਾਵਾਂ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ ਅਤੇ ਈ.ਡੀ. ਦੀ ਇਹ ਕਾਰਵਾਈ ਬਦਲਾਖੋਰੀ ਦੀ ਰਾਜਨੀਤੀ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਲੀਡਰਸ਼ਿਪ ਝੁਕਣ ਵਾਲੀ ਨਹੀਂ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਪਾਰਟੀ ਦੇ ਮੁੱਖ ਬੁਲਾਰੇ ਸੁਰਜੇਵਾਲਾ ਨੇ ਕਿਹਾ, ‘‘ਕਾਂਗਰਸ ਇਕ ਸਿਆਸੀ ਪਾਰਟੀ ਹੈ ਅਤੇ ਸਿਆਸੀ ਪਾਰਟੀ ਕਿਸੇ ਕੰਪਨੀ ’ਚ ਹਿੱਸੇਦਾਰੀ ਨਹੀਂ ਖਰੀਦ ਸਕਦੀ। ਇਸ ਲਈ 'ਯੰਗ ਇੰਡੀਅਨ' ਦੇ ਨਾਂ ਦੀ ਇਕ ਗੈਰ-ਲਾਭਕਾਰੀ ਕੰਪਨੀ (ਲਾਭ ਲਈ ਨਹੀਂ) ਨੂੰ ‘ਨੈਸ਼ਨਲ ਹੈਰਾਲਡ’ ਅਤੇ ਐਸੋਸੀਏਟਿਡ ਜਰਨਲਜ਼ ਲਿਮਟਿਡ ਦੇ ਸ਼ੇਅਰ 90 ਕਰੋੜ ਰੁਪਏ ਦੇ ਕਰਜ਼ੇ ਨੂੰ ਕਲੀਅਰ ਕਰਨ ਲਈ ਦਿੱਤੇ ਗਏ ਸਨ।  ਉਨ੍ਹਾਂ ਕਿਹਾ ਕਿ ਇਸ 90 ਕਰੋੜ ਰੁਪਏ ’ਚੋਂ 67 ਕਰੋੜ ਰੁਪਏ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਵੀ.ਆਰ.ਐੱਸ. ਲਈ ਦਿੱਤੇ ਗਏ ਸਨ ਅਤੇ ਬਾਕੀ ਸਰਕਾਰ ਦਾ ਬਕਾਇਆ, ਬਿਜਲੀ ਦੇ ਬਿੱਲਾਂ ਅਤੇ ਬਿਲਡਿੰਗ ਲਈ ਦਿੱਤੇ ਗਏ ਸਨ। ਇਹ ਅਪਰਾਧ ਕਿਵੇਂ ਹੋ ਸਕਦਾ ਹੈ? ਇਹ ਫਰਜ਼ ਦੀ ਭਾਵਨਾ ਹੈ। ਅਸੀਂ ਦੇਸ਼ ਦੀ ਦੌਲਤ ਮੋਦੀ ਸਰਕਾਰ ਵਾਂਗ ਆਪਣੇ ਉਦਯੋਗਪਤੀ ਦੋਸਤਾਂ ਨੂੰ ਨਹੀਂ ਵੇਚੀ।

ਇਹ ਵੀ ਪੜ੍ਹੋ : ਸਰਕਾਰ ਨੇ IPS ਅਤੇ PPS ਅਧਿਕਾਰੀਆਂ ਦੇ ਕੀਤੇ ਤਬਾਦਲੇ, ਰਾਹੁਲ ਐੱਸ. ਨੂੰ ਮਿਲੀ ਵੱਡੀ ਜ਼ਿੰਮੇਵਾਰੀ


Manoj

Content Editor

Related News