ਮੇਰੇ ਲਈ ਰਾਸ਼ਟਰ ਪਹਿਲਾਂ, ਵੋਟ ਬੈਂਕ ਬਾਅਦ ''ਚ- ਮੋਦੀ

09/23/2017 12:03:22 PM

ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਅਤੇ ਆਧਾਰ ਕਾਰਡ ਤੋਂ ਈਮਾਨਦਾਰੀ ਨੂੰ ਉਤਸ਼ਾਹ ਮਿਲਣ ਦਾ ਦਾਅਵਾ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਰਾਸ਼ਟਰ ਪਹਿਲਾਂ ਹੈ ਅਤੇ ਵੋਟ ਬੈਂਕ ਬਾਅਦ 'ਚ। ਸ਼੍ਰੀ ਮੋਦੀ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਈਮਾਨ, ਈਮਾਨਦਾਰਾਂ ਨੂੰ ਲੁੱਟ ਰਹੇ ਹਨ। ਇਨ੍ਹਾਂ ਲੁਟੇਰਿਆਂ ਨੂੰ ਠੀਕ ਕੀਤਾ ਜਾ ਰਿਹਾ ਹੈ। ਜੀ.ਐੱਸ.ਟੀ. ਨਾਲ ਛੋਟੇ-ਛੋਟੇ ਵਪਾਰੀ ਜੁੜ ਰਹੇ ਹਨ। ਆਧਾਰ ਕਾਰਡ ਨਾਲ ਵੀ ਕਾਫੀ ਗਿਣਤੀ 'ਚ ਲੋਕ ਜੁੜ ਰਹੇ ਹਨ। ਕੁਝ ਲੋਕ ਅਜਿਹੇ ਹਨ ਜੋ ਗਰੀਬਾਂ ਦੇ ਸਾਰੇ ਪੈਸੇ ਨਿਗਲ ਜਾਂਦੇ ਸਨ। ਉਨ੍ਹਾਂ ਨੂੰ ਹੁਣ ਜਨਤਾ ਦੀ ਭਲਾਈ ਲਈ ਲੱਗਣਾ ਹੋਵੇਗਾ। ਬੇਈਮਾਨ ਨੂੰ ਈਮਾਨਦਾਰੀ ਦਾ ਰਸਤਾ ਅਪਣਾਉਣਾ ਹੀ ਹੋਵੇਗਾ। ਉਹ ਵਿਕਾਸ ਦਾ ਮੰਤਰ ਲੈ ਕੇ ਚੱਲ ਰਹੇ ਹਨ। ਸਾਲ 2022 ਤੱਕ ਦੇਸ਼ ਦੇ ਹਰ ਗਰੀਬ ਨੂੰ ਘਰ ਦਿਵਾਉਣ ਦਾ ਸੰਕਲਪ ਦੋਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਲਈ ਉਹ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਰਾਜ ਦੀ ਯੋਗੀ ਸਰਕਾਰ ਸਹਿਯੋਗ ਦੇ ਰਹੀ ਹੈ। 
ਉੱਤਰ ਪ੍ਰਦੇਸ਼ ਦੀ ਸਾਬਕਾ ਸਰਕਾਰ ਨੂੰ ਕਈ ਚਿੱਠੀਆਂ ਲਿਖ ਕੇ ਉਨ੍ਹਾਂ ਨੇ ਪੁੱਛਿਆ ਸੀ ਕਿ ਕਿੰਨੇ ਗਰੀਬਾਂ ਕੋਲ ਘਰ ਨਹੀਂ ਹਨ ਪਰ ਉਸ ਸਰਕਾਰ ਕੋਲ ਗਰੀਬਾਂ ਦੇ ਘਰ ਬਣਾਉਣ ਲਈ ਕੋਈ ਸੋਚ ਹੀ ਨਹੀਂ ਸੀ। ਬਹੁਤ ਦਬਾਅ ਪਾਉਣ 'ਤੇ 10 ਹਜ਼ਾਰ ਦੀ ਸੂਚੀ ਭੇਜੀ ਗਈ ਸੀ ਪਰ ਯੋਗੀ ਸਰਕਾਰ ਨੇ ਤਾਂ ਲੱਖਾਂ ਲੋਕਾਂ ਦਾ ਰਜਿਸਟਰੇਸ਼ਨ ਕਰਵਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛਤਾ, ਬਿਜਲੀ, ਟਾਇਲਟ, ਪਿੰਡ ਨੂੰ ਖੁੱਲ੍ਹੇ 'ਚ ਟਾਇਲਟ ਮੁਕਤ ਵਰਗੀਆਂ ਗੱਲਾਂ ਲਈ ਪਹਿਲਾਂ ਉਦਾਸੀਨਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਗਰੀਬਾਂ ਅਤੇ ਮੱਧਮ ਵਰਗ ਦੇ ਲੋਕਾਂ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇੱਥੇ ਪਸ਼ੂ ਅਰੋਗ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਪਸ਼ੂਆਂ ਦੀ ਸੇਵਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਪਸ਼ੂ ਵੋਟ ਬੈਂਕ ਹੁੰਦਾ ਨਹੀਂ, ਉਸ ਨੇ ਕਿਤੇ ਵੋਟ ਤਾਂ ਦੇਣਾ ਨਹੀਂ ਹੈ। ਇਹ ਜਾਣਨ ਦੇ ਬਾਵਜੂਦ ਉਹ ਪਸ਼ੂਆਂ ਦੀ ਸੇਵਾ 'ਚ ਵੀ ਲੱਗੇ ਹੋਏ ਹਨ, ਕਿਉਂਕਿ ਉਨ੍ਹਾਂ ਲਈ ਦੇਸ਼ ਪਹਿਲਾਂ ਹੈ ਅਤੇ ਵੋਟ ਬੈਂਕ ਬਾਅਦ 'ਚ।