ਨਾਸਿਕ ਬੱਸ ਹਾਦਸਾ; ਬਚੇ ਲੋਕਾਂ ਨੇ ਬਿਆਨ ਕੀਤਾ ਭਿਆਨਕ ਮੰਜ਼ਰ

10/08/2022 6:10:56 PM

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ’ਚ ਸ਼ਨੀਵਾਰ ਤੜਕੇ ਟਰੱਕ ਨਾਲ ਟੱਕਰ ਮਗਰੋਂ ਸੜੀ ਹੋਈ ਬੱਸ ’ਚੋਂ ਆਖ਼ਰੀ ਪਲਾਂ ’ਚ ਬਾਹਰ ਨਿਕਲ ਆਈ ਅਨੀਤਾ ਚੌਧਰੀ ਅਤੇ ਉਨ੍ਹਾਂ ਦੀ ਧੀ ਖੁਸ਼ਨਸੀਬ ਰਹੀ ਕਿਉਂਕਿ ਦੋਹਾਂ ਦੀ ਜਾਨ ਬਚ ਗਈ। ਹਾਲਾਂਕਿ ਕਈ ਹੋਰ ਯਾਤਰੀਆਂ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਇਸ ਹਾਦਸੇ ’ਚ ਮੌਤ ਹੋ ਗਈ। 

ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ ਲੱਗਭਗ ਸਵਾ 5 ਵਜੇ ਨਾਸਿਕ-ਔਰੰਗਾਬਾਦ ਹਾਈਵੇਅ ’ਤੇ ਨਾਂਦੁਰ ਨਾਕੇ ’ਤੇ ਉਸ ਸਮੇਂ ਵਾਪਰਿਆ, ਜਦੋਂ ਪੂਰਬੀ ਮਹਾਰਾਸ਼ਟਰ ਦੇ ਯਵਤਮਾਲ ਤੋਂ ਮੁੰਬਈ ਜਾ ਰਹੀ ਪ੍ਰਾਈਵੇਟ ਬੱਸ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ’ਚ ਘੱਟੋ-ਘੱਟ 11 ਯਾਤਰੀਆਂ ਦੀ ਮੌਤ ਹੋ ਗਈ, ਜਦਕਿ 38 ਹੋਰ ਜ਼ਖ਼ਮੀ ਹੋਏ ਹਨ। ਸੂਬੇ ਦੇ ਵਾਸ਼ਿਮ ਜ਼ਿਲ੍ਹੇ ਦੀ ਰਹਿਣ ਵਾਲੀ ਚੌਧਰੀ ਨੇ ਕਿਹਾ ਕਿ ਅਸੀਂ ਬੱਸ ’ਚ ਸੁੱਤੇ ਹੋਏ ਸੀ, ਤਾਂ ਸਾਨੂੰ ਤੇਜ਼ ਆਵਾਜ਼ ਸੁਣਾਈ ਦਿੱਤੀ। ਬੱਸ ’ਚ ਅੱਗ ਲੱਗ ਗਈ। ਕਿਸੇ ਤਰ੍ਹਾਂ ਮੈਂ ਆਪਣੀ ਧੀ ਨਾਲ ਬੱਸ ’ਚੋਂ ਬਾਹਰ ਨਿਕਲਣ ’ਚ ਸਫਲ ਰਹੀ। ਅਸੀਂ ਕਿਸਮਤ ਵਾਲੇ ਹਾਂ ਕਿ ਅਸੀਂ ਬਚ ਗਏ। 

ਇਕ ਹੋਰ ਯਾਤਰੀ ਪਿਰਾਜੀ ਧੋਤਰੇ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਨਾਲ ਬੱਸ ’ਚ ਯਾਤਰਾ ਕਰ ਰਿਹਾ ਸੀ। ਯਵਤਮਾਲ ਜ਼ਿਲ੍ਹੇ ਦੇ ਰਹਿਣ ਵਾਲੇ ਧੋਤਰੇ ਨੇ ਕਿਹਾ ਕਿ ਜਿਸ ਸਮੇਂ ਹਾਦਸਾ ਵਾਪਰਿਆ, ਉਸ ਸਮੇਂ ਅਸੀਂ ਸੌਂ ਰਹੇ ਸਨ। ਕਿਸਮਤ ਨਾਲ ਅਸੀਂ ਉਠ ਗਏ ਅਤੇ ਜਦੋਂ ਅਸੀਂ ਵੇਖਿਆ ਕਿ ਬੱਸ ’ਚ ਅੱਗ ਲੱਗ ਗਈ ਹੈ ਤਾਂ ਤੁਰੰਤ ਬਾਹਰ ਵੱਲ ਦੌੜੇ। ਤੇਜ਼ ਆਵਾਜ਼ ਸੁਣ ਕੇ ਉਸ ਇਲਾਕੇ ’ਚ ਰਹਿਣ ਵਾਲੇ ਲੋਕ ਵੀ ਬਾਹਰ ਵੱਲ ਦੌੜੇ। ਉਨ੍ਹਾਂ ’ਚੋਂ ਕੁਝ ਨੇ ਕਿਹਾ ਕਿ ਜਦੋਂ ਤੱਕ ਉਹ ਮੌਕੇ ’ਤੇ ਪਹੁੰਚੇ ਉਦੋਂ ਤੱਕ ਅੱਗ ਬੱਸ ’ਚ ਫੈਲ ਚੁੱਕੀ ਸੀ। ਅੱਗ ਇੰਨੀ ਭਿਆਨਕ ਸੀ ਕਿ ਉਹ ਅੰਦਰ ਫਸੇ ਯਾਤਰੀਆਂ ਦੀ ਮਦਦ ਲਈ ਬੱਸ ਕੋਲ ਵੀ ਨਹੀਂ ਜਾ ਸਕੇ।

Tanu

This news is Content Editor Tanu