ਨਰੇਂਦਰ ਟਿਕੈਤ ਬੋਲੇ- ਜਦੋਂ ਤੱਕ ਡਿੱਗ ਨਹੀਂ ਜਾਂਦੀ ਮੋਦੀ ਸਰਕਾਰ, ਚੱਲਦਾ ਰਹੇਗਾ ਕਿਸਾਨ ਅੰਦੋਲਨ

03/10/2021 6:33:21 PM

ਮੁਜ਼ੱਫਰਨਗਰ (ਭਾਸ਼ਾ)— ਕਿਸਾਨ ਨੇਤਾ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਨਰੇਂਦਰ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਬਾਕੀ ਸਾਢੇ 3 ਸਾਲ ਤੱਕ ਦਿੱਲੀ ਦੀਆਂ ਸਰਹੱਦਾਂ ’ਤੇ ਬੈਠਣ ਨੂੰ ਤਿਆਰ ਹਨ। ਨਰੇਂਦਰ ਉਨ੍ਹਾਂ ਦੇ ਪਿਤਾ ਵਲੋਂ 1986 ਵਿਚ ਗਠਿਤ ਭਾਰਤੀ ਕਿਸਾਨ ਯੂਨੀਅਨ ਵਿਚ ਕਿਸੇ ਅਧਿਕਾਰਤ ਅਹੁਦੇ ’ਤੇ ਨਹੀਂ ਹਨ ਅਤੇ ਜ਼ਿਆਦਾਤਰ ਪਰਿਵਾਰ ਦੀ ਖੇਤੀਬਾੜੀ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਦੇ ਹਨ ਪਰ ਕਿਸਾਨਾਂ ਨਾਲ ਸਬੰਧਤ ਮੁੱਦਿਆਂ ’ਤੇ ਉਹ ਓਨੇ ਹੀ ਬੜਬੋਲੇ ਹਨ, ਜਿਨ੍ਹੇ ਕਿ ਉਨ੍ਹਾਂ ਦੇ ਦੋ ਵੱਡੇ ਭਰਾ ਨਰੇਸ਼ ਅਤੇ ਰਾਕੇਸ਼ ਟਿਕੈਤ ਹਨ। ਨਰੇਸ਼ ਟਿਕੈਟ ਅਤੇ ਰਾਕੇਸ਼ ਟਿਕੈਤ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਜਾਰੀ ਅੰਦੋਲਨ ਦਾ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਅਗਵਾਈ ਕਰ ਰਹੇ ਹਨ। 

ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਸੌਲੀ ਵਿਚ ਸਥਿਤ ਆਪਣੇ ਆਵਾਸ ’ਤੇ 45 ਸਾਲਾ ਨਰੇਂਦਰ ਨੇ ਕਿਹਾ ਕਿ ਉਨ੍ਹਾਂ ਦੇ ਦੋਹਾਂ ਭਰਾਵਾਂ ਸਮੇਤ ਪੂਰਾ ਟਿਕੈਤ ਪਰਿਵਾਰ ਅੰਦੋਲਨ ਤੋਂ ਪਿੱਛੇ ਹਟ ਜਾਵੇਗਾ, ਜੇਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਖ਼ਿਲਾਫ਼ ਇਹ ਗੱਲ ਸਾਬਤ ਕਰ ਦਿੱਤੀ ਜਾਵੇ ਕਿ ਉਨ੍ਹਾਂ ਨੇ ਕੁਝ ਵੀ ਗਲਤ ਕੀਤਾ ਹੈ। ਨਰੇਂਦਰ ਦੇ ਸਭ ਤੋਂ ਵੱਡੇ ਭਰਾ ਨਰੇਸ਼ ਟਿਕੈਟ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਨ, ਜਦਕਿ ਰਾਕੇਸ਼ ਸੰਗਠਨ ਦੇ ਰਾਸ਼ਟਰੀ ਬੁਲਾਰੇ ਹਨ। ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਨੇ ਗੰਨੇ ਦੀਆਂ ਉੱਚੀਆਂ ਕੀਮਤਾਂ, ਕਰਜ਼ ਨੂੰ ਰੱਦ ਕਰਨ, ਪਾਣੀ ਅਤੇ ਬਿਜਲੀ ਦੀਆਂ ਦਰਾਂ ਨੂੰ ਘੱਟ ਕਰਨ ਦੀ ਮੰਗ ਨੂੰ ਲੈ ਕੇ ਮੇਰਠ ਦੀ ਘੇਰਾਬੰਦੀ ਕੀਤੀ ਸੀ। ਮਹਿੰਦਰ ਸਿੰਘ ਟਿਕੈਤ ਦੀ 2011 ਵਿਚ ਮੌਤ ਮਗਰੋਂ, ਨਰੇਸ਼ ਅਤੇ ਰਾਕੇਸ਼ ਟਿਕੈਤ ਵੱਖ-ਵੱਖ ਭੂਮਿਕਾਵਾਂ ਵਿਚ ਮੁੱਖ ਸੰਗਠਨ ਦੀ ਅਗਵਾਈ ਕਰ ਰਹੇ ਹਨ, ਹਾਲਾਂਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਾਲਾਂ ਤੋਂ ਕਈ ਗੁਟ ਉੱਭਰੇ ਹਨ। ਨਰੇਂਦਰ ਨੇ ਕਿਹਾ ਕਿ ਕੇਂਦਰ ਇਸ ਗਲਤਫਹਿਮੀ ਵਿਚ ਹੈ ਕਿ ਉਹ ਕਿਸਾਨਾਂ ਦੇ ਵਿਰੋਧ ਨੂੰ ਉਸ ਤਰ੍ਹਾਂ ਕੁਚਲ ਸਕਦਾ ਹੈ, ਜਿਵੇਂ ਉਸਨੇ ਵੱਖ-ਵੱਖ ਰਣਨੀਤੀਆਂ ਦਾ ਇਸਤੇਮਾਲ ਕਰ ਕੇ ਪਹਿਲਾਂ ਹੋਰ ਅੰਦੋਲਨਾਂ ਨੂੰ ਕੁਚਲਿਆ ਸੀ। 

ਨਰੇਂਦਰ ਨੇ ਅੱਗੇ ਕਿਹਾ ਕਿ ਉਹ ਗਾਜ਼ੀਪੁਰ ਸਰਹੱਦ ’ਤੇ ਆਉਂਦੇ-ਜਾਂਦੇ ਰਹਿੰਦੇ ਹਨ, ਜਿੱਥੇ 26 ਨਵੰਬਰ 2020 ਤੋਂ ਸੈਂਕੜੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ ਸਮਰਥਕ ਡਟੇ ਹੋਏ ਹਨ। ਕਿਸਾਨ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਸਰਕਾਰ ਦਾ ਕਾਰਜਕਾਲ ਸਾਢੇ ਤਿੰਨ ਸਾਲ ਦਾ ਹੈ ਅਤੇ ਅਸੀਂ ਉਸ ਦੇ ਕਾਰਜਕਾਲ ਦੇ ਅਖੀਰ ਤੱਕ ਅੰਦੋਲਨ ਜਾਰੀ ਰੱਖ ਸਕਦੇ ਹਾਂ। ਜੇਕਰ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਫਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਖਰੀਦਿਆ ਜਾਵੇ, ਤਾਂ ਉਹ ਇਸ ਨੂੰ ਲਿਖਤੀ ਰੂਪ ਵਿਚ ਕਿਉਂ ਨਹੀਂ ਦੇ ਸਕਦੇ। ਉਹ ਰਸੋਈ ਗੈਸ ਸਿਲੰਡਰ ’ਤੇ ਸਬਸਿਡੀ ਦੇਣ ਦੀ ਗੱਲ ਕਹਿੰਦੇ ਹਨ ਪਰ ਇਹ ਸਬਸਿਡੀ ਵੀ ਖਤਮ ਹੋ ਗਈ। ਅੰਦੋਲਨ ਦੌਰਾਨ ਸਾਡੇ 200 ਤੋਂ ਵਧ ਕਿਸਾਨਾਂ ਨੇ ਆਪਣਾ ਬਲੀਦਾਨ ਦਿੱਤਾ। 

Tanu

This news is Content Editor Tanu