ਸੰਜੈ ਰਾਊਤ ਦੇ ਵਿਗੜੇ ਬੋਲੇ- ਟਰੰਪ ਦੇ ਸਵਾਗਤ ਲਈ ਆਯੋਜਿਤ ਪ੍ਰੋਗਰਾਮ ਤੋਂ ਫੈਲਿਆ ਕੋਰੋਨਾ

05/31/2020 1:43:00 PM

ਮੁੰਬਈ (ਭਾਸ਼ਾ)— ਸ਼ਿਵਸੈਨਾ ਨੇਤਾ ਸੰਜੈ ਰਾਊਤ ਨੇ ਐਤਵਾਰ ਭਾਵ ਅੱਜ ਕੋਰੋਨਾ ਵਾਇਰਸ ਨੂੰ ਫੈਲਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਤੋਂ ਬਾਅਦ ਦਿੱਲੀ ਅਤੇ ਮੁੰਬਈ 'ਚ ਕੋਰੋਨਾ ਵਾਇਰਸ ਫੈਲਣ ਦਾ ਮੁੱਖ ਕਾਰਨ ਅਹਿਮਦਾਬਾਦ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ 'ਚ ਆਯੋਜਿਤ ਪ੍ਰੋਗਰਾਮ ਹੈ, ਜਿਸ ਵਿਚ ਟਰੰਪ ਦੇ ਵਫਦ ਦੇ ਕੁਝ ਮੈਂਬਰਾਂ ਨੇ ਹਿੱਸਾ ਲਿਆ ਸੀ। ਦੱਸ ਦੇਈਏ ਕਿ ਟਰੰਪ ਆਪਣੀ ਪਤਨੀ ਅਤੇ ਧੀ-ਜਵਾਈ ਨਾਲ ਫਰਵਰੀ ਮਹੀਨੇ 'ਚ ਭਾਰਤ ਦੌਰੇ 'ਤੇ ਆਏ ਸਨ।  

ਸ਼ਿਵਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਰਾਊਤ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਵਿਚ ਇਕੱਠੇ ਹੋਏ ਜਨ ਸਮੂਹ ਕਾਰਨ ਗੁਜਰਾਤ 'ਚ ਕੋਰੋਨਾ ਵਾਇਰਸ ਫੈਲਿਆ। ਟਰੰਪ ਨਾਲ ਆਏ ਵਫਦ ਦੇ ਕੁਝ ਮੈਂਬਰ ਮੁੰਬਈ, ਦਿੱਲੀ ਵੀ ਗਏ ਸਨ, ਜਿਸ ਕਾਰਨ ਵਾਇਰਸ ਫੈਲਿਆ। ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ ਨੂੰ ਅਹਿਮਦਾਬਾਦ 'ਚ ਇਕ ਰੋਡ ਸ਼ੋਅ ਵਿਚ ਹਿੱਸਾ ਲਿਆ ਸੀ, ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਸਨ। ਰੋਡ ਸ਼ੋਅ ਤੋਂ ਬਾਅਦ ਦੋਹਾਂ ਨੇਤਾਵਾਂ ਨੇ ਮੋਟੇਰਾ ਕ੍ਰਿਕਟ ਮੈਦਾਨ ਵਿਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੰਬੋਧਿਤ ਕੀਤਾ ਸੀ। 

ਗੁਜਰਾਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 20 ਮਾਰਚ ਨੂੰ ਸਾਹਮਣੇ ਆਇਆ ਸੀ, ਜਦੋਂ ਰਾਜਕੋਟ ਦੇ ਇਕ ਵਿਅਕਤੀ ਅਤੇ ਸੂਰਤ ਦੀ ਇਕ ਜਨਾਨੀ 'ਚ ਵਾਇਰਸ ਦੀ ਪੁਸ਼ਟੀ ਹੋਈ ਸੀ। ਰਾਊਤ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਰੋਕਣ ਵਿਚ ਕੇਂਦਰ ਸਰਕਾਰ ਵੀ ਫੇਲ ਰਹੀ ਹੈ, ਕਿਉਂਕਿ ਉਸ ਕੋਲ ਕੋਈ ਯੋਜਨਾ ਨਹੀਂ ਸੀ। ਉਨ੍ਹਾਂ ਕਿਹਾ ਕਿ ਤਾਲਾਬੰਦੀ ਬਿਨਾਂ ਕਿਸੇ ਯੋਜਨਾ ਦੇ ਲਾਗੂ ਕੀਤੀ ਗਈ ਅਤੇ ਹੁਣ ਬਿਨ੍ਹਾਂ ਕਿਸੇ ਯੋਜਨਾ ਦੇ ਇਸ ਨੂੰ ਹਟਾਉਣ ਦੀ ਜ਼ਿੰਮੇਵਾਰੀ ਸੂਬਿਆਂ 'ਤੇ ਛੱਡ ਦਿੱਤੀ ਗਈ ਹੈ। ਇਸ ਅਨਿਸ਼ਚਿਤਤਾ ਤੋਂ ਆਫਤ ਹੋਰ ਵਧੇਗੀ। ਰਾਊਤ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਾਲਾਬੰਦੀ ਦੇ ਫੇਲ ਹੋਣ ਦਾ ਸਟੀਕ ਵਿਸ਼ਲੇਸ਼ਣ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਕੋਰੋਨਾ ਵਾਇਰਸ ਮਾਮਲਿਆਂ ਵਿਚ ਵਾਧੇ ਲਈ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ ਕਰ ਕੇ ਲੋਕ ਰਾਜਨੀਤੀ ਚਮਕਾ ਰਹੇ ਹਨ।

Tanu

This news is Content Editor Tanu