PM ਮੋਦੀ ਨਾਲ ਰਾਜਨਾਥ, ਸੁਸ਼ਮਾ ਦੀ ਸੀਟ ''ਤੇ ਸ਼ਾਹ, ਇਸ ਤਰ੍ਹਾਂ ਬਦਲਿਆ ਲੋਕ ਸਭਾ ਦਾ ਨਜ਼ਾਰਾ

06/17/2019 12:15:38 PM

ਨਵੀਂ ਦਿੱਲੀ— 17ਵੀਂ ਲੋਕ ਸਭਾ ਦੀ ਸੋਮਵਾਰ ਨੂੰ ਸ਼ੁਰੂਆਤ ਹੋ ਗਈ ਹੈ। ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਪਹਿਲਾ ਸੈਸ਼ਨ ਹੈ। 40 ਦਿਨ ਚੱਲਣ ਵਾਲੇ ਇਸ ਸੈਸ਼ਨ ਦੀ ਸ਼ੁਰੂਆਤ ਸੰਸਦ ਮੈਂਬਰਾਂ ਨਾਲ ਹੋ ਗਈ ਹੈ। ਇਸ ਦੌਰਾਨ ਹਰ ਕਿਸੇ ਦੀ ਨਜ਼ਰ ਇਸ ਗੱਲ 'ਤੇ ਰਹੀ ਕਿ ਆਖਰ ਕੌਣ ਕਿਸ ਸੀਟ 'ਤੇ ਬੈਠੇਗਾ, ਕਿਉਂਕਿ ਕੈਬਨਿਟ ਗਠਨ ਦੇ ਨਾਲ ਹੀ ਸਰਕਾਰ 'ਚ ਨੰਬਰ 2 ਕੌਣ ਦਾ ਸਵਾਲ ਗੂੰਜਣ ਲੱਗਾ ਸੀ। ਹੁਣ ਇਹ ਤਸਵੀਰ ਸਾਫ਼ ਹੋ ਗਈ ਹੈ, ਸਦਨ ਦੇ ਨੇਤਾ ਦੇ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਸੀਟ 'ਤੇ ਬੈਠੇ ਹਨ ਤਾਂ ਉਨ੍ਹਾਂ ਤੋਂ ਬਾਅਦ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਦਾ ਨੰਬਰ ਆਇਆ ਹੈ।

ਰਾਜਨਾਥ ਸਿੰਘ ਹਨ ਲੋਕ ਸਭਾ ਦੇ ਉੱਪ ਨੇਤਾ
ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਲੋਕ ਸਭਾ 'ਚ ਭਾਜਪਾ ਦੇ ਉੱਪ ਨੇਤਾ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਦੇ ਨੇਤਾ ਹਨ ਯਾਨੀ ਰਾਜਨਾਥ ਸਿੰਘ ਦਾ ਕੱਦ ਸਦਨ 'ਚ ਨੰਬਰ 2 ਦਾ ਹੈ। ਇਹੀ ਕਾਰਨ ਹੈ ਕਿ ਰਾਜਨਾਥ ਠੀਕ ਨਰਿੰਦਰ ਮੋਦੀ ਨਾਲ ਬੈਠੇ ਹਨ। ਪਿਛਲੇ  ਸਦਨ 'ਚ ਵੀ ਉਹ ਪੀ.ਐੱਮ. ਮੋਦੀ ਨਾਲ ਹੀ ਬੈਠੇ ਸਨ। ਜ਼ਿਕਰਯੋਗ ਹੈ ਕਿ ਜਦੋਂ ਕੈਬਨਿਟ 'ਚ ਉਨ੍ਹਾਂ ਨੂੰ ਗ੍ਰਹਿ ਮੰਤਰੀ ਅਹੁਦੇ ਤੋਂ ਹਟਾ ਕੇ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਸਿਆਸੀ ਚਰਚਾ ਹੋਈ ਕਿ ਉਨ੍ਹਾਂ ਦਾ ਕੱਦ ਨੰਬਰ 2 ਤੋਂ ਘੱਟ ਕੇ 3 ਕਰ ਦਿੱਤਾ ਹੈ।

ਸੁਸ਼ਮਾ ਦੀ ਸੀਟ 'ਤੇ ਬੈਠੇ ਸ਼ਾਹ
ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇਸ ਵਾਰ ਲੋਕ ਸਭਾ 'ਚ ਚੁਣ ਕੇ ਆਏ ਹਨ। ਉਹ ਸੱਤਾਪੱਖ ਦੀ ਪਹਿਲੀ ਹੀ ਲਾਈਨ 'ਚ ਰਾਜਨਾਥ ਸਿੰਘ ਨਾਲ ਬੈਠੇ ਹਨ। ਪਹਿਲਾਂ ਇਸ ਸੀਟ 'ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਠਦੀ ਸੀ। ਉਨ੍ਹਾਂ ਨਾਲ ਥਾਵਰਚੰਦ ਗਹਿਲੋਤ ਹਨ, ਜੋ ਕਿ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੀ ਸੀਟ 'ਤੇ ਬੈਠੇ। ਇਨ੍ਹਾਂ ਸੀਟਾਂ ਤੋਂ ਇਲਾਵਾ ਥਾਵਰਚੰਦ ਗਹਿਲੋਤ ਤੋਂ ਬਾਅਦ ਨਿਤਿਨ ਗਡਕਰੀ, ਸਦਾਨੰਦ ਗੌੜਾ, ਫਿਰ ਰਵੀਸ਼ੰਕਰ ਪ੍ਰਸਾਦ, ਨਰਿੰਦਰ ਸਿੰਘ ਤੋਮਰ ਅਤੇ ਹਰਸਿਮਰਤ ਕੌਰ ਪਹਿਲੀ ਹੀ ਲਾਈਨ 'ਚ ਦਿੱਸੇ। ਉਨ੍ਹਾਂ ਤੋਂ ਬਾਅਦ ਰਾਮਵਿਲਾਸ ਪਾਸਵਾਨ ਵੀ ਦਿੱਸੇ, ਹਾਲਾਂਕਿ ਉਹ ਇਸ ਵਾਰ ਲੋਕ ਸਭਾ ਸੰਸਦ ਮੈਂਬਰ ਨਹੀਂ ਹਨ ਪਰ ਮੰਤਰੀ ਹੋਣ ਦੇ ਨਾਤੇ ਉਹ ਸਦਨ 'ਚ ਦਿੱਸੇ।

ਇਹ ਸੰਸਦ ਮੈਂਬਰ ਨਹੀਂ ਆਏ ਨਜ਼ਰ
ਜ਼ਿਕਰਯੋਗ ਹੈ ਕਿ ਸਦਨ 'ਚ ਸੀਟ ਮੰਤਰੀ ਅਹੁਦੇ 'ਚ ਸੀਨੀਅਰ ਜਾਂ ਫਿਰ ਕਿੰਨੀ ਵਾਰ ਜਿੱਤ ਦਰਜ ਕਰ ਕੇ ਉਹ ਆਏ, ਇਸ ਆਧਾਰ 'ਤੇ ਮਿਲਦੀ ਆਈ ਹੈ। ਇਸ ਵਾਰ ਸਦਨ 'ਚ ਕਈ ਸੀਨੀਅਰ ਅਤੇ ਪੁਰਾਣੇ ਸੰਸਦ ਮੈਂਬਰ ਨਹੀਂ ਦਿੱਸ ਰਹੇ ਹਨ, ਜਿਨ੍ਹਾਂ 'ਚ ਲਾਲਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ, ਮਲਿਕਾਰਜੁਨ ਖੜਗੇ, ਜੋਤੀਰਾਦਿੱਤਿਯ ਸਿੰਧੀਆ ਵਰਗੇ ਵੱਡੇ ਨਾਂ ਸ਼ਾਮਲ ਹਨ।


DIsha

Content Editor

Related News