ਗੁਰੂਵਾਯੂਰ ਮੰਦਰ ''ਚ ਪੀ. ਐੱਮ. ਨੇ ਕੀਤੀ ਪੂਜਾ, ''ਕਮਲ'' ਦੇ ਫੁੱਲਾਂ ਨਾਲ ਤੋਲੇ ਗਏ ਮੋਦੀ

06/08/2019 11:25:02 AM

ਕੇਰਲ— ਲੋਕ ਸਭਾ ਚੋਣਾਂ ਵਿਚ ਮਿਲੀ ਬੰਪਰ ਜਿੱਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕੇਰਲ ਪੁੱਜੇ। ਉਨ੍ਹਾਂ ਨੇ ਇੱਥੋਂ ਦੇ ਮਸ਼ਹੂਰ ਗੁਰੂਵਾਯੂਰ ਕ੍ਰਿਸ਼ਨ ਮੰਦਰ 'ਚ ਦਰਸ਼ਨ ਕੀਤੇ। ਮੋਦੀ ਨੇ ਇੱਥੇ ਕ੍ਰਿਸ਼ਨ ਮੰਦਰ ਵਿਚ ਪੂਜਾ ਕੀਤੀ। ਰਿਵਾਇਤ ਮੁਤਾਬਕ ਉਨ੍ਹਾਂ ਨੂੰ ਕਮਲ ਦੇ ਫੁੱਲਾਂ ਨਾਲ ਤੋਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਮਲ ਦੇ ਇਨ੍ਹਾਂ ਫੁੱਲਾਂ ਨੂੰ ਇਕ ਮੁਸਲਿਮ ਕਿਸਾਨ ਪਰਿਵਾਰ ਤੋਂ ਖਰੀਦਿਆ ਗਿਆ ਸੀ। ਸੂਬੇ ਵਿਚ 100 ਸਾਲ ਤੋਂ ਮੁਸਲਿਮ ਪਰਿਵਾਰਾਂ ਦਾ ਇਕ ਸਮੂਹ ਕਮਲ ਦੀ ਖੇਤੀ ਕਰਦਾ ਹੈ। ਤ੍ਰਿਸ਼ੂਰ ਦਾ ਗੁਰੂਵਾਯੂਰ ਮੰਦਰ ਕੇਰਲ ਦੇ ਸਭ ਤੋਂ ਪ੍ਰਸਿੱਧ ਮੰਦਰਾਂ 'ਚੋਂ ਇਕ ਹੈ।

ਅਜਿਹੀ ਮਾਨਤਾ ਹੈ ਕਿ ਗੁਰੂਵਾਯੂਰ ਮੰਦਰ 'ਚ ਕ੍ਰਿਸ਼ਨ ਮੂਰਤੀ ਕਲਯੁੱਗ ਦੇ ਸ਼ੁਰੂ ਵਿਚ ਸਥਾਪਤ ਕੀਤਾ ਗਈ। ਤ੍ਰਿਸੂਰ ਨੂੰ ਕੇਰਲ ਦੇ ਦੁਆਰਕਾ ਦੇ ਰੂਪ 'ਚ ਜਾਣਿਆ ਜਾਂਦਾ ਹੈ। ਓਧਰ ਗੁਰੂਵਾਯੂਰ ਦੇਵਾਸਮ ਬੋਰਡ ਦੇ ਚੇਅਰਮੈਨ ਕੇਬੀ ਮੋਹਨਦਾਸ ਨੇ ਦੱਸਿਆ ਕਿ ਪੀ. ਐੱਮ. ਮੋਦੀ ਦੀ ਪੂਜਾ ਲਈ 112 ਕਿਲੋਗ੍ਰਾਮ ਕਮਲ ਦੇ ਫੁੱਲਾਂ ਦਾ ਇੰਤਜ਼ਾਮ ਕੀਤਾ ਗਿਆ। ਕੇਰਲ 'ਚ 100 ਸਾਲ ਤੋਂ ਵੱਧ ਸਮੇਂ ਤੋਂ ਮੁਸਲਿਮ ਪਰਿਵਾਰਾਂ ਦਾ ਇਕ ਸਮੂਹ ਕਮਲ ਦੀ ਖੇਤੀ ਕਰਦਾ ਹੈ। ਸੂਬੇ 'ਚ ਮੰਦਰਾਂ ਵਿਚ ਪੂਜਾ ਦੌਰਾਨ ਇਨ੍ਹਾਂ ਫੁੱਲਾਂ ਦਾ ਇਸਤੇਮਾਲ ਹੁੰਦਾ ਹੈ। ਗੁਰੂਵਾਯੂਰ ਸਮੇਤ ਆਲੇ-ਦੁਆਲੇ ਦੇ ਅੱਧਾ ਦਰਜਨ ਮੰਦਰਾਂ 'ਚ ਹੀ ਕਰੀਬ 20,000 ਕਮਲ ਦੇ ਫੁੱਲਾਂ ਦਾ ਇਸਤੇਮਾਲ ਰੋਜ਼ਾਨਾ ਹੁੰਦਾ ਹੈ।


ਇੱਥੇ ਦੱਸ ਦੇਈਏ ਕਿ ਮੋਦੀ ਸ਼ੁੱਕਰਵਾਰ ਰਾਤ ਕੋਚੀ ਪੁੱਜੇ। ਜਲ ਸੈਨਾ ਹਵਾਈ ਅੱਡੇ 'ਤੇ ਕੇਰਲ ਦੇ ਰਾਜਪਾਲ ਪੀ. ਸਦਾਸ਼ਿਵਮ, ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਅਤੇ ਸੂਬੇ ਦੇ ਦੇਵਸਵਮ ਮੰਤਰੀ ਕਦਕਮਪੱਲੀ ਸੁੰਦਰਨ ਨੇ ਉਨ੍ਹਾਂ ਦਾ ਸਵਾਗਤ ਕੀਤਾ।

Tanu

This news is Content Editor Tanu