ਪੀ. ਐੱਮ. ਮੋਦੀ ਕਾਸ਼ੀ ਨੂੰ ਦੇਣਗੇ ਪ੍ਰਾਜੈਕਟਾਂ ਦੀ ਸੌਗਾਤ

11/11/2018 6:06:52 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਵਾਰ ਫਿਰ ਆਪਣੇ ਸੰਸਦੀ ਚੋਣ ਖੇਤਰ ਵਾਰਾਨਸੀ ਦੇ ਦੌਰੇ 'ਤੇ ਜਾ ਰਹੇ ਹਨ। ਮੋਦੀ ਇੱਥੇ 12 ਨਵੰਬਰ ਨੂੰ ਪਹੁੰਚ ਰਹੇ ਹਨ। ਉਹ ਕਾਸ਼ੀ ਵਾਸੀਆਂ ਨੂੰ ਢਾਈ ਹਜ਼ਾਰ ਕਰੋੜ ਰੁਪਏ ਪ੍ਰਾਜੈਕਟਾਂ ਦੀ ਸੌਗਾਤ ਦੇਣਗੇ। ਇਸ ਦੌਰਾਨ ਉਹ ਗੰਗਾ ਨਦੀ 'ਤੇ ਬਣੇ ਪਹਿਲੇ ਮਲਟੀ-ਮਾਡਲ ਟਰਮੀਨਲ ਦਾ ਉਦਘਾਟਨ ਵੀ ਕਰਨਗੇ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਟਰਮੀਨਲ ਜ਼ਰੀਏ 1500 ਤੋਂ 2000 ਟਨ ਦੇ ਵੱਡੇ ਜਹਾਜ਼ਾਂ ਦੀ ਵੀ ਆਵਾਜਾਈ ਮੁਮਕਿਨ ਹੋ ਸਕਦੀ ਹੈ।

ਇਕ ਹੋਰ ਪ੍ਰੋਗਰਾਮ ਵਿਚ ਮੋਦੀ ਬਾਬਤਪੁਰ-ਵਾਰਾਨਸੀ ਹਵਾਈ ਅੱਡਾ ਮਾਰਗ ਅਤੇ ਵਾਰਾਨਸੀ ਰਿੰਗ ਰੋਡ ਦਾ ਦੇਸ਼ ਨੂੰ ਸਮਰਪਿਤ ਵੀ ਕਰਨਗੇ। ਇਸ ਤੋਂ ਇਲਾਵਾ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਤਹਿਤ ਇਕ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਵਾਰਾਨਸੀ ਰਿੰਗ ਰੋਡ ਦੇ ਪਹਿਲੇ ਪੜਾਅ ਦੀ ਕਰੀਬ ਸਾਢੇ 16 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ 759.36 ਕਰੋੜ ਰੁਪਏ ਦੀ ਲਾਗਤ ਨਾਲ ਹੋਇਆ ਹੈ। ਮੋਦੀ ਨੇ ਇਸ ਸੰਬੰਧ ਵਿਚ ਕਈ ਟਵੀਟ ਵੀ ਕੀਤੇ, ਜਿਸ ਵਿਚ ਉਨ੍ਹਾਂ ਨੇ ਵਾਰਾਨਸੀ ਦੇ ਵਿਕਾਸ ਕੰਮਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਈ ਹੋਰ ਦੂਜੇ ਪ੍ਰਾਜੈਕਟ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪ੍ਰਾਜੈਕਟਾਂ ਜ਼ਰੀਏ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।