ਮੁੰਬਈ 'ਚ ਬੋਲੇ ਮੋਦੀ- ਚੰਨ 'ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ

09/07/2019 1:07:05 PM

ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਸ਼ਨੀਵਾਰ ਨੂੰ ਮੁੰਬਈ ਦੌਰੇ 'ਤੇ ਹਨ। ਇੱਥੇ ਉਨ੍ਹਾਂ ਨੇ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਮੋਦੀ ਨੇ ਜਨਤਾ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਮੋਦੀ ਨੇ ਚੰਦਰਯਾਨ-2 ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਨ 'ਤੇ ਪਹੁੰਚਣ ਦਾ ਸੁਪਨਾ ਪੂਰਾ ਹੋ ਕੇ ਰਹੇਗਾ। ਆਰਬਿਟਰ ਅਜੇ ਵੀ ਚੰਦਰਮਾ ਦੇ ਚੱਕਰ ਲਾ ਰਿਹਾ ਹੈ। ਇਸਰੋ ਵਿਗਿਆਨੀਆਂ ਦੇ ਹੌਸਲੇ ਤੋਂ ਮੈਂ ਪ੍ਰਭਾਵਿਤ ਹਾਂ। ਟੀਚਾ ਕਿਵੇਂ ਹਾਸਲ ਕਰਨਾ ਹੈ, ਇਸਰੋ ਦੇ ਵਿਗਿਆਨੀਆਂ ਤੋਂ ਸਿੱਖ ਸਕਦੇ ਹੋ। 

ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਮੁੰਬਈ ਉਹ ਸ਼ਹਿਰ ਹੈ, ਜਿਸ ਦੀ ਰਫਤਾਰ ਨੇ ਦੇਸ਼ ਨੂੰ ਰਫਤਾਰ ਦਿੱਤੀ। ਮੁੰਬਈ 'ਚ ਹੌਲੀ-ਹੌਲੀ ਬਦਲਾਅ ਆਉਣ ਦੀ ਸ਼ੁਰੂਆਤ ਹੋਈ ਹੈ। ਮੁੰਬਈ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ ਹੋਵੇਗਾ। ਦੇਸ਼ 'ਚ ਹਰ ਪਾਸੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਅੱਜ ਦੇਸ਼ 'ਚ 27 ਸ਼ਹਿਰਾਂ 'ਚ ਮੈਟਰੋ ਦੀ ਸਹੂਲਤ ਹੈ। ਨਵੇਂ ਪ੍ਰਾਜੈਕਟਾਂ ਨਾਲ ਮੁੰਬਈ ਵਿਚ ਰੋਜ਼ਗਾਰ ਦੇ ਮੌਕੇ ਵਧਣਗੇ। ਦੇਸ਼ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦੇ ਟੀਚੇ ਵੱਲ ਵਧ ਰਿਹਾ ਹੈ। ਸਾਨੂੰ ਆਪਣੇ ਸ਼ਹਿਰਾਂ ਨੂੰ ਵੀ 21ਵੀਂ ਸਦੀ ਦੀ ਦੁਨੀਆ ਮੁਤਾਬਕ ਬਣਾਉਣਾ ਹੀ ਹੋਵੇਗਾ। ਇਸੇ ਸੋਚ ਨਾਲ ਹੀ ਸਾਡੀ ਸਰਕਾਰ ਅਗਲੇ 5 ਸਾਲ ਵਿਚ ਆਧੁਨਿਕ ਬੁਨਿਆਦੀ ਢਾਂਚੇ 'ਤੇ 100 ਲੱਖ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। 

ਮੋਦੀ ਨੇ ਕਿਹਾ ਕਿ ਇਹ ਸਾਰੀਆਂ ਯੋਜਨਾਵਾਂ ਮੁੰਬਈ ਦੇ ਬੁਨਿਆਦੀ ਢਾਂਚੇ ਨੂੰ ਨਵਾਂ ਆਯਾਮ ਤਾਂ ਦੇਵੇਗੀ ਹੀ, ਨਾਲ ਹੀ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ 'ਚ ਵੀ ਮਦਦ ਕਰੇਗੀ। ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਲੱਗਭਗ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ 3 ਹੋਰ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ ਹੈ। ਮਹਾਰਾਸ਼ਟਰ ਵਿਚ ਅਕਤੂਬਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 

Tanu

This news is Content Editor Tanu