ਭਾਜਪਾ ਵਰਕਰਾਂ ਦੀ ਪਛਾਣ ਮਾਂ ਭਾਰਤੀ ਦੇ ਲਾਲ ਦੇ ਰੂਪ ''ਚ : ਨਰਿੰਦਰ ਮੋਦੀ

01/20/2019 2:57:56 PM

ਮੁੰਬਈ— 2019 ਦੀਆਂ ਲੋਕ ਸਭਾ ਚੋਣਾਂ ਲਈ ਐਕਸ਼ਨ 'ਚ ਆ ਚੁਕੇ ਪੀ.ਐੱਮ. ਨਰਿੰਦਰ ਮੋਦੀ ਨੇ ਐਤਵਾਰ ਨੂੰ ਵਿਰੋਧੀ ਧਿਰ 'ਤੇ ਕਰਾਰਾ ਤੰਜ਼ ਕੱਸਿਆ। ਪੀ.ਐੱਮ. ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕਾਂ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਦੇ ਬਹਾਨੇ ਲੱਭ ਲਏ ਹਨ। ਇਹ ਲੋਕ ਹੁਣ ਤੋਂ ਈ.ਵੀ.ਐੱਮ. 'ਤੇ ਸਵਾਲ ਚੁੱਕਣ ਲੱਗ ਗਏ ਹਨ। ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਕੋਲਕਾਤਾ 'ਚ ਮਮਤਾ ਬੈਨਰਜੀ ਦੇ ਮੰਚ 'ਤੇ ਜੁਟੇ ਵਿਰੋਧੀ ਧਿਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ,''ਉਨ੍ਹਾਂ ਨੇ ਵੀ ਗਠਜੋੜ ਕੀਤਾ ਹੈ ਅਤੇ ਅਸੀਂ ਵੀ ਕੀਤਾ ਹੈ। ਉਨ੍ਹਾਂ ਨੇ ਦਲਾਂ ਨਾਲ ਗਠਜੋੜ ਕੀਤਾ ਹੈ ਅਤੇ ਅਸੀਂ ਦੇਸ਼ ਦੀ ਸਵਾ 100 ਕਰੋੜ ਜਨਤਾ ਨਾਲ ਕੀਤਾ ਹੈ। ਤੁਸੀਂ ਦੱਸੋ ਕਿਹੜਾ ਗਠਜੋੜ ਜ਼ਿਆਦਾ ਵਧੀਆ ਹੈ।'' ਮੁੰਬਈ 'ਚ ਕੋਲਹਾਪੁਰ ਦੇ ਬੂਥ ਵਰਕਰਾਂ ਨਾਲ ਗੱਲਬਾਤ 'ਚ ਪੀ.ਐੱਮ. ਨੇ ਕਿਹਾ,''ਇਹ ਲੋਕ ਹੁਣ ਤੋਂ ਹੀ ਹਾਰ (2019 ਦੀਆਂ ਲੋਕ ਸਭਾ ਚੋਣਾਂ) ਨੂੰ ਲੈ ਬਹਾਨੇ ਲੱਭਣ ਲੱਗੇ ਹਨ। ਈ.ਵੀ.ਐੱਮ. ਨੂੰ ਵਿਲਨ ਦੱਸਣ ਲੱਗੇ ਹਨ। ਇਹ ਸੁਭਾਵਿਕ ਹੈ ਕਿ ਹਰ ਸਿਆਸੀ ਪਾਰਟੀ ਚੋਣਾਂ ਜਿੱਤਣੀਆਂ ਚਾਹੁੰਦੀ ਹੈ ਪਰ ਜਦੋਂ ਕੁਝ ਦਲਾਂ ਨੂੰ ਜਨਤਾ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਉਹ ਪਰੇਸ਼ਾਨ ਹੋ ਜਾਂਦੇ ਹਨ। ਉਹ ਲੋਕ ਜਨਤਾ ਨੂੰ ਬੇਵਕੂਫ ਸਮਝਦੇ ਹਨ ਅਤੇ ਇਸ ਲਈ ਰੰਗ ਬਦਲ ਰਹੇ ਹਨ।''
 

ਮਹਾਗਠਜੋੜ 'ਤੇ ਕੱਸਿਆ ਤੰਜ਼
ਇਸ ਦੌਰਾਨ ਮਮਤਾ ਦੀ ਰੈਲੀ 'ਤੇ ਸਵਾਲ ਚੁੱਕਦੇ ਹੋਏ ਕਿਹਾ,''ਉੱਥੇ ਮੰਚ 'ਤੇ ਮੌਜੂਦ ਨੇਤਾਵਾਂ 'ਚ ਜ਼ਿਆਦਾਤਰ ਲੋਕ ਕਿਸੇ ਵੱਡੇ ਨੇਤਾ ਦੇ ਬੇਟੇ ਸਨ। ਕੁਝ ਅਜਿਹੇ ਵੀ ਸਨ, ਜੋ ਆਪਣੇ ਬੇਟੇ-ਬੇਟੀ ਨੂੰ ਸੈੱਟ ਕਰਨ 'ਚ ਲੱਗੇ ਹਨ। ਉਨ੍ਹਾਂ ਕੋਲ ਧਨ ਸ਼ਕਤੀ ਹੈ ਅਤੇ ਸਾਡੇ ਕੋਲ ਜਨ ਸ਼ਕਤੀ ਹੈ।'' ਮਹਾਗਠਜੋੜ 'ਤੇ ਤੰਜ਼ ਕੱਸਦੇ ਹੋਏ ਮੋਦੀ ਨੇ ਕਿਹਾ,''ਇਹ ਗਠਜੋੜ ਇਕ ਅਨੋਖਾ ਬੰਧਨ ਹੈ। ਇਹ ਬੰਧਨ ਤਾਂ ਨਾਮਦਾਰਾਂ ਦਾ ਹੈ। ਇਹ ਬੰਧਨ ਤਾਂ ਭਰਾ-ਭਤੀਜਾਵਾਦ, ਭ੍ਰਿਸ਼ਟਾਚਾਰ, ਘੁਟਾਲਿਆਂ, ਨਕਾਰਾਤਮਕਤਾ ਅਤੇ ਅਸਮਾਨਤਾ ਦਾ ਗਠਜੋੜ ਹੈ। ਇਹ ਇਕ ਸ਼ਾਨਦਾਰ ਸੰਗਮ ਹੈ।
 

ਵਿਰੋਧੀ ਨੂੰ ਕਿਸੇ ਸੰਸਥਾ 'ਤੇ ਭਰੋਸਾ ਨਹੀਂ
ਪੀ.ਐੱਮ. ਨੇ ਕਿਹਾ,''ਵਿਰੋਧੀ ਧਿਰ ਦੇ ਲੋਕਾਂ ਨੂੰ ਕਿਸੇ ਵੀ ਸੰਸਥਾ 'ਤੇ ਭਰੋਸਾ ਨਹੀਂ ਹੈ, ਇਸ ਲਈ ਇਹ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਮੋਦੀ ਨੇ ਕਿਹਾ ਕਿ ਜਿਸ ਮੰਚ ਤੋਂ ਇਹ ਲੋਕ ਲੋਕਤੰਤਰ ਬਚਾਉਣ ਦੀ ਗੱਲ ਕਰ ਰਹੇ ਸਨ, ਉੱਥੇ ਇਕ ਨੇਤਾ ਨੇ ਬੋਫੋਰਸ ਘੁਟਾਲੇ ਦੀ ਯਾਦ ਦਿਵਾ ਦਿੱਤੀ। ਆਖਰ ਸੱਚ ਜ਼ੁਬਾਨ 'ਤੇ ਆ ਹੀ ਜਾਂਦਾ ਹੈ। ਜ਼ਿਕਰਯੋਗ ਹੈ ਕਿ ਲੋਕਤੰਤਰੀ ਜਨਤਾ ਦਲ ਦੇ ਸੰਸਥਾਪਕ ਅਤੇ ਸੀਨੀਅਰ ਸਮਾਜਵਾਦੀ ਨੇਤਾ ਸ਼ਰਦ ਯਾਦਵ ਨੇ ਰਾਫੇਲ 'ਤੇ ਮੋਦੀ ਸਰਕਾਰ ਨੂੰ ਘੇਰਨ ਦੀ ਜਗ੍ਹਾ ਆਪਣੇ ਭਾਸ਼ਣ 'ਚ ਬੋਫੋਰਸ ਘੁਟਾਲੇ 'ਤੇ ਬੋਲਣ ਲੱਗੇ। ਬਾਅਦ 'ਚ ਉਨ੍ਹਾਂ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਰਾਫੇਲ ਦੀ ਗੱਲ ਕਰ ਰਿਹਾ ਸੀ।
 

ਕਿਸੇ ਦਾ ਹੱਕ ਨਹੀਂ ਖੋਹਿਆ ਜਾਵੇਗਾ
ਦੂਜੇ ਪਾਸੇ ਜਨਰਲ ਰਾਖਵਾਂਕਰਨ ਦਾ ਮੁੱਦਾ ਚੁੱਕਦੇ ਹੋਏ ਮੋਦੀ ਨੇ ਕਿਹਾ,''ਸੰਵਿਧਾਨ ਸੋਧ ਵੱਲੋਂ 10 ਫੀਸਦੀ ਰਾਖਵੇਂਕਰਨ ਨਾਲ ਮੌਕਿਆਂ ਦਾ ਦੁਆਰ ਖੁੱਲ੍ਹੇਗਾ। ਅਸੀਂ ਸਿੱਖਿਆ ਸੰਸਥਾਵਾਂ 'ਚ 10 ਫੀਸਦੀ ਸੀਟਾਂ ਵੀ ਵਧਾਵਾਂਗੇ। ਕਿਸੇ ਵੀ ਪਿਛੜੇ ਦਲਿਤ ਜਾਂ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੱਕ ਖੋਹਿਆ ਨਹੀਂ ਜਾਵੇਗਾ।''
 

ਭਾਜਪਾ ਵਰਕਰਾਂ ਦੀ ਪਛਾਣ ਮਾਂ ਭਾਰਤੀ ਦੇ ਲਾਲ ਦੇ ਰੂਪ 'ਚ
ਇਸ ਮੌਕੇ ਭਾਜਪਾ ਵਰਕਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਪੀ.ਐੱਮ. ਨੇ ਕਿਹਾ,''ਵਰਕਰਾਂ ਦੇ ਸੰਘਰਸ਼ ਅਤੇ ਪਾਰਟੀ ਨੂੰ ਅੱਗੇ ਲਿਜਾਉਣ ਲਈ ਉਨ੍ਹਾਂ ਵੱਲੋਂ ਦਿਨ-ਰਾਤ ਕੀਤੀ ਜਾ ਰਹੀ ਕੋਸ਼ਿਸ਼ ਨੂੰ ਦੇਖ ਕੇ ਮੈਨੂੰ ਬਹੁਤ ਸੰਤੋਸ਼ ਹੁੰਦਾ ਹੈ। ਭਾਜਪਾ ਵਰਕਰਾਂ 'ਚ ਜਜ਼ਬਾ, ਈਮਾਨਦਾਰੀ, ਕੰਮ ਦੇ ਪ੍ਰਤੀ ਲਗਨ ਭਰੀ ਹੈ। ਪੁਰਾਣੀ ਸਰਕਾਰ ਦੇ ਕਾਰਜਕਾਲ ਕਾਰਨ ਸਿਆਸੀ ਵਰਕਰਾਂ ਦੀ ਪਛਾਣ ਦਲਾਲਾਂ ਦੇ ਰੂਪ 'ਚ ਹੋਣ ਲੱਗੀ ਸੀ ਪਰ ਭਾਜਪਾ ਦੇ ਵਰਕਰਾਂ ਦੀ ਪਛਾਣ ਮਾਂ ਭਾਰਤੀ ਦੇ ਲਾਲ ਦੇ ਰੂਪ 'ਚ ਹੁੰਦੀ ਹੈ।''

DIsha

This news is Content Editor DIsha