birthday special: ਵਿਦੇਸ਼ਾਂ 'ਚ ਵੀ ਗੂੰਜਦੇ ਨੇ 'ਮੋਦੀ-ਮੋਦੀ' ਦੇ ਨਾਅਰੇ, ਮਿਲੇ ਖਾਸ ਐਵਾਰਡ

09/17/2019 10:01:58 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮ ਦਿਨ ਹੈ। ਗੁਜਰਾਤ ਦੇ ਵਡਨਗਰ 'ਚ 17 ਸਤੰਬਰ 1950 ਨੂੰ ਨਰਿੰਦਰ ਮੋਦੀ ਦਾ ਜਨਮ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਰਿੰਦਰ ਦਾਮੋਦਰਦਾਸ ਮੋਦੀ ਹੈ। ਆਪਣੇ ਵਿਕਾਸ ਕਾਰਜਾਂ ਅਤੇ ਵੱਖ-ਵੱਖ ਯੋਜਨਾਵਾਂ ਕਰ ਕੇ ਪੀ. ਐੱਮ. ਮੋਦੀ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਹ ਹੀ ਕਾਰਨ ਹੈ ਕਿ ਦੇਸ਼ ਹੀ ਵਿਦੇਸ਼ਾਂ 'ਚ ਵੀ ਮੋਦੀ-ਮੋਦੀ ਦੇ ਨਾਅਰੇ ਲੱਗਦੇ ਹਨ। 2001 'ਚ ਬਤੌਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਫਰ ਸ਼ੁਰੂ ਕਰਨ ਵਾਲੇ ਮੋਦੀ 2014 'ਚ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ਇਹ ਸਫਰ ਇੱਥੇ ਹੀ ਖਤਮ ਨਹੀਂ ਹੋਇਆ। 
30 ਮਈ 2019 ਨੂੰ ਇਕ ਵਾਰ ਫਿਰ ਮੋਦੀ ਸਰਕਾਰ ਸੱਤਾ 'ਚ ਆਈ। ਕੌਣ ਜਾਣਦਾ ਸੀ ਕਿ ਇਕ ਚਾਹ ਵੇਚਣ ਵਾਲਾ ਪੀ. ਐੱਮ. ਵੀ ਬਣੇਗਾ। ਮੋਦੀ ਜੀ ਆਪਣੇ ਦਮਦਾਰ ਭਾਸ਼ਣ ਜ਼ਰੀਏ ਨੌਜਵਾਨਾਂ ਨੂੰ ਮਜ਼ਬੂਤ ਬਣੇ ਰਹਿਣ ਲਈ ਪ੍ਰੇਰਿਤ ਕਰਦੇ ਹਨ। ਦੇਸ਼ ਲਈ ਲਏ ਗਏ ਅਹਿਮ ਫੈਸਲਿਆਂ ਅਤੇ ਖਾਸ ਯੋਜਨਾਵਾਂ ਕਰ ਕੇ ਮੋਦੀ ਦੀ ਪੂਰੀ ਦੁਨੀਆ ਫੈਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤਕ ਵੱਖ-ਵੱਖ ਕੌਮਾਂਤਰੀ ਐਵਾਰਡਜ਼ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਦੁਨੀਆ ਦੇ ਵੱਖ-ਵੱਖ ਮੰਚਾਂ 'ਤੇ ਮੋਦੀ ਨੂੰ ਦਿੱਤੇ ਗਏ ਇਨ੍ਹਾਂ ਐਵਾਰਡਜ਼ ਕਾਰਨ ਨਾ ਸਿਰਫ ਉਨ੍ਹਾਂ ਦੀ ਸਗੋਂ ਕਿ ਭਾਰਤ ਦੇਸ਼ ਦੀ ਸਾਖ 'ਚ ਵਾਧਾ ਹੋਇਆ। ਆਓ ਜਾਣਦੇ ਹਾਂ ਮੋਦੀ ਨੂੰ ਮਿਲੇ ਖਾਸ ਐਵਾਰਡਜ਼ ਬਾਰੇ—



ਜ਼ਾਯੇਦ ਮੈਡਲ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ 4 ਅਪ੍ਰੈਲ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਸਰਵਉੱਚ ਨਾਗਰਿਕ ਸਨਮਾਨ 'ਜ਼ਾਯੇਦ ਮੈਡਲ' ਨਾਲ ਸਨਮਾਨਤ ਕੀਤਾ। ਮੋਦੀ ਨੂੰ ਇਹ ਸਨਮਾਨ ਭਾਰਤ ਅਤੇ ਯੂ. ਏ. ਈ. ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ। ਮੋਦੀ ਇਹ ਸਨਮਾਨ ਪਾਉਣ ਵਾਲੇ ਪਹਿਲੇ ਭਾਰਤੀ ਹਨ। 



ਚੈਂਪੀਅਨ ਆਫ ਦਿ ਅਰਥ 2018 ਐਵਾਰਡ— ਪੀ. ਐੱਮ. ਮੋਦੀ ਨੂੰ ਸਤੰਬਰ 2018 ਨੂੰ ਸੰਯੁਕਤ ਰਾਸ਼ਟਰ ਦਾ ਸਭ ਤੋਂ ਵੱਡਾ ਵਾਤਾਵਰਣ ਸਨਮਾਨ ਦਿੱਤਾ ਗਿਆ ਸੀ। ਯੂ. ਐੱਨ. ਨੇ ਮੋਦੀ ਅਤੇ ਫਰਾਂਸੀਸੀ ਰਾਸ਼ਟਰਪਤੀ ਏਮੈਨੁਅਲ ਮੈਕਰੋਨ ਨੂੰ 'ਚੈਂਪੀਅਨ ਆਫ ਦਿ ਅਰਥ' ਐਵਾਰਡ ਨਾਲ ਸਨਮਾਨਤ ਕੀਤਾ ਸੀ।


ਗਰੈਂਡ ਕਾਲਰ ਐਵਾਰਡ— 10 ਫਰਵਰੀ 2018 ਨੂੰ ਫਲਸਤੀਨ 'ਚ ਗਰੈਂਡ ਕਾਲਰ ਸਨਮਾਨ ਨਾਲ ਪੀ. ਐੱਮ. ਮੋਦੀ ਨੂੰ ਸਨਮਾਨਤ ਕੀਤਾ ਗਿਆ। ਇਹ ਐਵਾਰਡ ਵਿਦੇਸ਼ੀ ਮਹਿਮਾਨਾਂ ਨੂੰ ਦਿੱਤਾ ਜਾਣ ਵਾਲਾ ਫਲਸਤੀਨ ਦਾ ਸਰਵਉੱਚ ਸਨਮਾਨ ਹੈ। ਪੀ. ਐੱਮ. ਮੋਦੀ ਨੂੰ ਭਾਰਤ ਅਤੇ ਫਲਸਤੀਨ ਦੇ ਰਿਸ਼ਤਿਆਂ ਦੀ ਬਿਹਤਰੀ ਲਈ ਚੁੱਕੇ ਗਏ ਕਦਮਾਂ ਲਈ ਇਹ ਐਵਾਰਡ ਦਿੱਤਾ ਗਿਆ ਸੀ। 



ਕਿੰਗ ਅਬਦੁਲਅਜ਼ੀਜ਼ ਸੈਸ਼ ਐਵਾਰਡ— ਪੀ. ਐੱਮ. ਮੋਦੀ ਨੂੰ 3 ਅਪ੍ਰੈਲ 2016 ਨੂੰ ਸਾਊਦੀ ਅਰਬ ਦੇ ਸਰਵਉੱਚ ਨਾਗਰਿਕ ਸਨਮਾਨ ਕਿੰਗ ਅਬਦੁੱਲਅਜ਼ੀਜ਼ ਸੈਸ਼ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਕ ਵਿਸ਼ੇਸ਼ ਸਨਮਾਨ ਦੇ ਤੌਰ 'ਤੇ ਨਰਿੰਦਰ ਮੋਦੀ ਨੂੰ ਸਾਊਦੀ ਅਰਬ ਨੇ ਇਸ ਐਵਾਰਡ ਨਾਲ ਸਨਮਾਨਤ ਕੀਤਾ।

ਆਮਿਰ ਅਮਾਨੁੱਲਾਹ ਖਾਨ ਐਵਾਰਡ— 4 ਜੂਨ 2016 ਨੂੰ ਅਫਗਾਨਿਸਤਾਨ ਦੇ ਸਰਵਉੱਚ ਸਨਮਾਨ ਆਮਿਰ ਅਮਾਨੁੱਲਾਹ ਖਾਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਤਿਹਾਸਕ ਅਫਗਾਨ-ਭਾਰਤ ਦੋਸਤੀ ਬੰਨ੍ਹ ਦੇ ਉਦਘਾਟਨ ਤੋਂ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਵਲੋਂ ਮੋਦੀ ਨੂੰ ਇਸ ਸਨਮਾਨ ਨਾਲ ਸਨਮਾਨਤ ਕੀਤਾ ਗਿਆ।

Tanu

This news is Content Editor Tanu