ਸੋਨੀਆ ਦੇ ਗੜ੍ਹ 'ਚ ਗਰਜੇ ਮੋਦੀ, ਕਾਂਗਰਸ 'ਤੇ ਕੀਤਾ ਤਿੱਖਾ ਹਮਲਾ

12/16/2018 1:22:23 PM


ਰਾਏਬਰੇਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਗੜ੍ਹ ਰਾਏਬਰੇਲੀ 'ਚ ਪਹੁੰਚੇ। ਰਾਏਬਰੇਲੀ ਪਹੁੰਚਣ 'ਤੇ ਮੋਦੀ ਨੇ ਮਾਡਰਨ ਕੋਚ ਫੈਕਟਰੀ ਦਾ ਨਿਰੀਖਣ ਕੀਤਾ। ਪ੍ਰਧਾਨ ਮੰਤਰੀ ਨੇ ਇੱਥੇ 1100 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਮੋਦੀ ਨੇ ਇਸ ਤੋਂ ਬਾਅਦ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ। ਮੋਦੀ ਨੇ ਕਿਹਾ ਕਿ ਰਾਏਬਰੇਲੀ ਦੀ ਇਸ ਮਹਾਨ ਧਰਤੀ ਨੂੰ, ਇੱਥੋਂ ਦੇ ਲੋਕਾਂ ਨੂੰ ਨਮਨ ਕਰਦਾ ਹਾਂ। ਸ਼ਾਨਦਾਰ ਇਤਿਹਾਸ ਨਾਲ ਜੁੜੇ ਇਸ ਖੇਤਰ ਦੇ ਵਿਕਾਸ ਪ੍ਰਤੀ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ। ਮੋਦੀ ਨੇ ਅੱਗੇ ਕਿਹਾ ਕਿ ਇੱਥੇ ਆਉਣ ਤੋਂ ਪਹਿਲਾਂ ਮੈਂ ਨੇੜੇ ਬਣੀ ਮਾਡਰਨ ਕੋਚ ਫੈਕਟਰੀ ਵਿਚ ਗਿਆ। ਮੈਂ ਉਸ ਫੈਕਟਰੀ ਵਿਚ ਇਸ ਸਾਲ ਬਣੇ 900ਵੇਂ ਡੱਬੇ ਨੂੰ ਹਰੀ ਝੰਡੀ ਵੀ ਦਿਖਾਈ। 

ਇਸ ਫੈਕਟਰੀ ਦੀ ਸਮਰੱਥਾ ਦਾ ਵਿਸਥਾਰ, ਵਰਕਰਾਂ, ਇੰਜੀਨੀਅਰਾਂ, ਟੈਕਨੀਸ਼ੀਅਨਾਂ ਲਈ ਵੀ ਰੋਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਅੱਜ ਦਾ ਦਿਨ ਇਕ ਹੋਰ ਵਜ੍ਹਾ ਤੋਂ ਬਹੁਤ ਖਾਸ ਹੈ। 1971 ਦੀ ਜੰਗ, ਅੱਜ ਦੇ ਹੀ ਦਿਨ ਭਾਰਤ ਦੀ ਫੌਜ ਨੇ ਅੱਤਿਆਚਾਰ ਅਤੇ ਅਰਾਜਕਤਾ ਦੀ ਪ੍ਰਤੀਕ ਸ਼ਕਤੀਆਂ ਨੂੰ ਧੂੜ ਚਟਾਈ ਸੀ। ਇਸ ਜੰਗ ਦਾ ਹਿੱਸਾ ਰਹੇ ਦੇਸ਼ ਦੇ ਸਾਰੇ ਫੌਜੀਆਂ ਨੂੰ ਮੈਂ ਨਮਨ ਕਰਦਾ ਹਾਂ। 

ਇਸ ਦੌਰਾਨ ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦੇਸ਼ ਦੇਖ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਤਾਕਤਾਂ ਨਾਲ ਖੜ੍ਹੀ ਹੈ, ਜੋ ਸਾਡੀ ਫੌਜ ਨੂੰ ਮਜ਼ਬੂਤ ਨਹੀਂ ਹੋ ਦੇਣਾ ਚਾਹੁੰਦੀ। ਉਨ੍ਹਾਂ ਨੇ ਰਾਫੇਲ ਵਿਵਾਦ 'ਤੇ ਵੀ ਜਵਾਬ ਦਿੱਤਾ। ਮੋਦੀ ਨੇ ਕਿਹਾ ਕਿ ਕੁਝ ਲੋਕ ਝੂਠੇ ਦੋਸ਼ ਲਾ ਰਹੇ ਹਨ। ਮੋਦੀ ਨੇ ਰਾਫੇਲ ਡੀਲ 'ਤੇ ਸੁਪਰੀਮ ਕੋਰਟ ਦੇ ਹਾਲ ਹੀ 'ਚ ਦਿੱਤੇ ਫੈਸਲੇ ਦੇ ਸੰਦਰਭ ਵਿਚ ਕਾਂਗਰਸ 'ਤੇ ਪਲਟਵਾਰ ਕੀਤਾ। ਮੋਦੀ ਨੇ ਕਿਹਾ ਕਿ ਕਾਂਗਰਸ ਲਈ ਦੇਸ਼ ਦਾ ਰੱਖਿਆ ਮੰਤਰਾਲਾ ਵੀ ਝੂਠਾ ਹੈ। ਦੇਸ਼ ਦੀ ਰੱਖਿਆ ਮੰਤਰੀ ਝੂਠੀ ਹੈ। ਭਾਰਤੀ ਹਵਾਈ ਫੌਜ ਦੇ ਅਫਸਰ ਵੀ ਝੂਠੇ ਹਨ। ਫਰਾਂਸ ਦੀ ਸਰਕਾਰ ਵੀ ਝੂਠੀ ਹੈ। ਹੁਣ ਅਦਾਲਤ ਵੀ ਝੂਠੀ ਲੱਗਣ ਲੱਗੀ ਹੈ ਪਰ ਉਹ ਨਹੀਂ ਜਾਣਦੇ ਕਿ ਸੱਚ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ ਅਤੇ ਝੂਠ ਚਾਹੇ ਜਿੰਨਾ ਵੀ ਬੋਲਿਆ ਜਾਵੇ, ਉਸ 'ਚ ਜਾਨ ਨਹੀਂ ਹੁੰਦੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਫੇਲ ਡੀਲ 'ਤੇ ਫੈਸਲਾ ਸੁਣਾਉਂਦੇ ਹੋਏ ਮੋਦੀ ਸਰਕਾਰ ਨੂੰ ਕਲੀਨ ਚਿਟ ਦਿੱਤੀ ਸੀ। ਅਦਾਲਤ ਦੇ ਫੈਸਲੇ ਮਗਰੋਂ ਕਾਂਗਰਸ ਨੇ ਸਵਾਲ ਚੁੱਕੇ ਸਨ।