2022 ਤੱਕ ਦੇਸ਼ ਨੂੰ ਕਰਾਂਗੇ ਪਲਾਸਟਿਕ ਮੁਕਤ : ਮੋਦੀ

10/04/2018 2:31:08 PM

ਨਵੀਂ ਦਿੱਲੀ – ਆਪਣੀ ਸਰਕਾਰ ਦੇ ਮੂਲਮੰਤਰ ‘ਸਭ ਕਾ ਸਾਥ ਸਭ ਕਾ ਵਿਕਾਸ’ ਵਿਚ ਕੁਦਰਤ ਨੂੰ ਵੀ ਸ਼ਾਮਲ ਕਰਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਕਿਹਾ ਕਿ ਦੇਸ਼ ਨੇ 2022 ਤਕ ‘ਸਿੰਗਲ ਯੂਜ਼ ਪਲਾਸਟਿਕ’ ਤੋਂ ਮੁਕਤ ਹੋਣ ਦਾ ਸੰਕਲਪ ਲਿਆ ਹੈ।
ਬੁੱਧਵਾਰ ਇਥੇ ਸੰਯੁਕਤ ਰਾਸ਼ਟਰ ਵਲੋਂ ‘ਚੈਂਪੀਅਨਸ ਆਫ ਦਿ ਅਰਥ’ ਪੁਰਸਕਾਰ ਹਾਸਲ ਕਰਨ ਪਿੱਛੋਂ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ’ਚੋਂ ਇਕ ਹੈ, ਜਿਥੇ ਸਭ ਤੋਂ ਤੇਜ਼ ਰਫਤਾਰ ਨਾਲ ਸ਼ਹਿਰੀਕਰਨ ਹੋ ਰਿਹਾ ਹੈ। ਅਜਿਹੀ ਹਾਲਤ ’ਚ ਅਸੀਂ ਆਪਣੇ ਸ਼ਹਿਰੀ ਜੀਵਨ ਨੂੰ ਸਮਾਰਟ ਤੇ ਟਿਕਾਊ ਬਣਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਮੂਲ ਢਾਂਚੇ ਨੂੰ ਚੌਗਿਰਦੇ  ਤੇ ਸਮੁੱਚੇ ਵਿਕਾਸ ਦੇ ਨਿਸ਼ਾਨੇ ਨਾਲ ਟਿਕਾਊ ਬਣਾਇਆ ਜਾ ਰਿਹਾ ਹੈ। 
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਬਾਦੀ ਨੂੰ ਚੌਗਿਰਦੇ ਤੇ  ਕੁਦਰਤ ’ਤੇ ਵਾਧੂ ਦਬਾਅ ਪਾਏ ਬਿਨਾਂ ਵਿਕਾਸ ਦੇ ਮੌਕਿਆਂ ਨਾਲ ਜੋੜਨ ਦੇ ਸਹਾਰੇ ਦੀ ਲੋੜ ਹੈ। ਇਕ-ਦੂਜੇ ਦਾ ਹੱਥ ਫੜਨ ਦੀ ਲੋੜ ਹੈ। ਇਸੇ ਲਈ ਮੈਂ ਚੌਗਿਰਦੇ ਨਾਲ ਇਨਸਾਫ ਦੀ ਗੱਲ ਕਰਦਾ ਹਾਂ। ਭਾਰਤ ਦੀ ਆਰਥਿਕ ਹਾਲਤ ਤੇਜ਼ੀ ਨਾਲ ਸੁਧਰ ਰਹੀ ਹੈ ਤੇ ਹਰ ਸਾਲ ਲੱਖਾਂ ਲੋਕ ਗਰੀਬੀ ਦੀ ਰੇਖਾ ਤੋਂ ਬਾਹਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ 

ਸਰਕਾਰ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਮੰਤਰ ’ਤੇ ਕੰਮ ਕਰਦੀ ਹੈ ਤੇ ਇਸ ’ਚ ਕੁਦਰਤ ਵੀ ਸ਼ਾਮਲ ਹੈ। ਅੱਜ ਭਾਰਤ ਦੇ ਹਰ ਘਰ ਤੋਂ ਲੈ ਕੇ ਗਲੀਆਂ ਤਕ, ਦਫਤਰਾਂ ਤੋਂ ਲੈ ਕੇ ਸੜਕਾਂ ਤਕ, ਪੋਰਟਸ ਤੋਂ  ਏਅਰਪੋਰਟਸ ਤਕ  ਤੇ ਕਈ ਹੋਰਨਾਂ ਖੇਤਰਾਂ ’ਚ ਪਾਣੀ ਤੇ ਊਰਜਾ ਨੂੰ  ਬਚਾਉਣ ਦੀ ਮੁਹਿੰਮ ਚੱਲ ਰਹੀ ਹੈ।