ਨਕਸਲੀਆਂ ਨੇ ਰੇਲ ਗੱਡੀਆਂ ਨੂੰ ਲਾਈ ਅੱਗ, ਕੀਤਾ ਭਾਰੀ ਨੁਕਸਾਨ

10/21/2017 9:47:09 PM

ਰਾਏਪੁਰ—ਨਕਸਲੀਆਂ ਨੇ ਛੱਤੀਸਗੜ੍ਹ ਦੇ ਦੰਤੇਵਾੜਾ 'ਚ ਇਕ ਵਾਰ ਫਿਰ ਤੋਂ ਨੁਕਸਾਨ ਕੀਤਾ ਹੈ। ਨਕਸਲੀਆਂ ਨੇ ਦੰਤੇਵਾੜਾ ਦੇ ਭਾਂਸੀ ਇਲਾਕੇ ਦੇ ਕਮਾਲੂਰ ਰੇਲਵੇ ਸਟੇਸ਼ਨ 'ਤੇ 5 ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਹੈ। ਨਕਸਲੀਆਂ ਵੱਲੋਂ ਇੱਥੇ ਚੱਲਦੇ ਨਿਰਮਾਣ ਕਾਰਜ ਨੂੰ ਪ੍ਰਭਾਵਿਤ ਕਰਨ ਲਈ ਰੇਲਵੇ ਸਟੇਸ਼ਨ 'ਤੇ ਖੜ੍ਹੀਆਂ ਕੁੱਝ ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਇਸ ਦੌਰਾਨ ਨਕਸਲੀਆਂ ਨੇ ਕਟੇਕਲਿਆਣ-ਮਰਜੂਮ ਮਾਰਗ ਨੂੰ ਪੁੱਟਣਾ ਸ਼ੁਰੂ ਕੀਤਾ ਅਤੇ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਬਾਅਦ 'ਚ ਸੁਰੱਖਿਆ ਬਲ ਜਦੋਂ ਉਥੇ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਨਕਸਲੀ ਫਰਾਰ ਹੋ ਗਏ ਪਰ ਇਕ ਨਕਸਲੀ ਇਸ ਦੌਰਾਨ ਜ਼ਖਮੀ ਹੋ ਗਿਆ।
ਦਰਅਸਲ ਨਕਸਲੀ ਇੱਥੇ ਚੱਲਦੇ ਨਿਰਮਾਣ ਕਾਰਜ ਦਾ ਵਿਰੋਧ ਕਰ ਰਹੇ ਸਨ। ਜਿਸ ਕਾਰਨ ਉਨ੍ਹਾਂ ਨੇ ਇਸ ਨੂੰ ਰੋਕਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। ਘਟਨਾ ਤੋਂ ਬਾਅਦ ਵਿਸਾਖਾਪਟਨਮ ਤੋਂ ਕਿਰੰਦੁਲ ਜਾਣ ਵਾਲੇ ਯਾਤਰੀਆਂ ਨੂੰ ਦੰਤੇਵਾੜਾ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ। ਨਕਸਲੀਆਂ ਨੇ ਰੇਲ ਲਾਈਨ ਕੋਲ ਬੈਨਰ ਪੋਸਟਰ ਲਾ ਕੇ ਰਾਵਘਾਟ ਰੇਲ ਪ੍ਰਾਜੈਕਟ ਦਾ ਵਿਰੋਧ ਕੀਤਾ।