ਅਹੁਦਾ ਸੰਭਾਲਦੇ ਹੀ ਨਾਗੇਸ਼ਵਰ ਨੇ ਆਲੋਕ ਵਰਮਾ ਦੇ ਸਾਰੇ ਫੈਸਲੇ ਕੀਤੇ ਰੱਦ

01/11/2019 5:08:23 PM

ਨਵੀਂ ਦਿੱਲੀ— ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਸੀਨੀਅਰ ਅਧਿਕਾਰੀ ਸ਼੍ਰੀ ਆਲੋਕ ਵਰਮਾ ਦੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਡਾਇਰਕੈਟਰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਐਡੀਸ਼ਨਲ ਡਾਇਰੈਕਟਰ ਐੱਮ. ਨਾਗੇਸ਼ਵਰ ਰਾਵ ਨੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਦੇ ਹੀ ਰਾਵ ਨੇ ਵਰਮਾ ਵੱਲੋਂ ਪਿਛਲੇ 2 ਦਿਨਾਂ 'ਚ ਲਏ ਗਏ ਟਰਾਂਸਫਰ-ਪੋਸਟਿੰਗ ਸਮੇਤ ਸਾਰੇ ਫੈਸਲਿਆਂ ਨੂੰ ਰੱਦ ਕਰ ਦਿੱਤਾ ਅਤੇ 8 ਜਨਵਰੀ ਦੀ ਸਥਿਤੀ ਨੂੰ ਬਹਾਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਡਾਇਰੈਕਟਰ ਅਹੁਦੇ ਤੋਂ ਵਰਮਾ ਦੀ ਛੁੱਟੀ ਤੋਂ ਬਾਅਦ ਨਾਗੇਸ਼ਵਰ ਰਾਵ ਨੂੰ ਅੰਤਰਿਮ ਡਾਇਰੈਕਟਰ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ 'ਤੇ ਸੀ.ਬੀ.ਆਈ. ਡਾਇਰੈਕਟਰ ਦੇ ਤੌਰ 'ਤੇ ਬਹਾਲ ਕੀਤੇ ਜਾਣ ਦੇ ਤੁਰੰਤ ਬਾਅਦ ਵਰਮਾ ਨੇ 8 ਜਨਵਰੀ ਨੂੰ ਮਹਿਕਮੇ 'ਚ ਤਬਾਦਲਿਆਂ ਦੇ ਆਦੇਸ਼ ਦਿੱਤੇ ਸਨ। ਵਰਮਾ ਨੇ ਆਪਣੀ ਗੈਰ-ਹਾਜ਼ਰੀ 'ਚ ਕੀਤੇ ਗਏ ਤਬਾਦਲਿਆਂ ਨੂੰ ਵੀ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਵੀਰਵਾਰ ਨੂੰ 2006 ਬੈਚ ਦੇ ਆਈ.ਪੀ.ਐੱਸ. ਅਫ਼ਸਰ ਮੋਹਿਤ ਗੁਪਤਾ ਨੂੰ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਖਿਲਾਫ ਮਾਮਲੇ 'ਚ ਇਨਵੈਸਟੀਗੇਸ਼ਨ ਅਫ਼ਸਰ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ, ਬੁੱਧਵਾਰ ਦੀ ਸਵੇਰ ਅਹੁਦਾ ਸੰਭਾਲਦੇ ਹੀ 11 ਅਧਿਕਾਰੀਆਂ ਦੇ ਤਬਾਦਲੇ ਦੇ ਆਦੇਸ਼ ਦਿੱਤੇ ਸਨ ਅਤੇ ਵੀਰਵਾਰ ਨੂੰ ਉਨ੍ਹਾਂ ਨੇ5 ਨਵੀਆਂ ਤਬਦੀਲੀਆਂ ਕੀਤੀਆਂ ਸਨ। ਹੁਣ ਨਾਗੇਸ਼ਵਰ ਰਾਵ ਨੇ ਇਹ ਸਾਰੇ ਫੈਸਲੇ ਰੱਦ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਅਤੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਸੁਪਰੀਮ ਕੋਰਟ ਦੇ ਜਸਟਿਸ ਸੀਕਰੀ ਦੀ ਪ੍ਰਧਾਨਗੀ ਵਾਲੀ ਉੱਚ ਅਧਿਕਾਰ ਪ੍ਰਾਪਤ ਕਮੇਟੀ ਨੇ ਵੀਰਵਾਰ ਨੂੰ 2-1 ਬਹੁਮਤ ਦੇ ਫੈਸਲੇ ਨਾਲ ਵਰਮਾ ਨੂੰ ਸੀ.ਬੀ.ਆਈ. ਡਾਇਰੈਕਟਰ ਅਹੁਦੇ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਦਾ ਸੀ.ਬੀ.ਆਈ. ਤੋਂ ਬਾਹਰ ਤਬਾਦਲਾ ਕਰ ਦਿੱਤਾ। ਵਰਮਾ 31 ਜਨਵਰੀ ਨੂੰ ਰਿਟਾਇਰ ਹੋਣ ਵਾਲੇ ਹਨ।

DIsha

This news is Content Editor DIsha