ਬਰਾਤ ’ਚ ਜ਼ਿੰਦਾ ਕੋਬਰਾ ਨਾਲ ‘ਨਾਗਿਨ ਡਾਂਸ’ ਪੈ ਗਿਆ ਮਹਿੰਗਾ, 5 ਲੋਕ ਹਿਰਾਸਤ ’ਚ

04/28/2022 4:38:55 PM

ਓਡੀਸ਼ਾ– ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ’ਚ ਬਰਾਤ ’ਚ ‘ਮੈਂ ਨਾਗਿਨ....’ ਗਾਣੇ ’ਤੇ ਜ਼ਿੰਦਾ ਕੋਬਰਾ ਸੱਪ ਨਾਲ ਡਾਂਸ ਕਰਨਾ 5 ਲੋਕਾਂ ਨੂੰ ਮਹਿੰਗਾ ਪੈ ਗਿਆ। ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਇਸ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ। ਜਿਸ ’ਚ ਬੁੱਧਵਾਰ ਰਾਤ ਨੂੰ ਕਰੰਜੀਆ ਸ਼ਹਿਰ ’ਚ ਬਰਾਤੀ ਸਪੇਰੇ ਦੀ ਬਾਂਸ ਦੀ ਟੋਕਰੀ ਨਾਲ ਨੱਚ ਰਹੇ ਹਨ, ਜਿਸ ਦਾ ਢੱਕਣ ਖੁੱਲ੍ਹਾ ਹੈ, ਜਿਸ ’ਚ ਸੱਪ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਕਿਰਾਏ ’ਤੇ ਲਿਆ ਸੀ। 

ਇਸ ਨਾਲ ਦਹਿਸ਼ਤ ’ਚ ਆਏ ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਕੋਬਰਾ ਸੱਪ ਨੂੰ ਮੁਕਤ ਕਰਵਾਇਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੱਪ ਦੀ ਦੁਰਵਰਤੋਂ ਕਰਨ ਲਈ ਸਪੇਰੇ ਸਮੇਤ 5 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਪੁਲਸ ਮੁਤਾਬਕ ਹਿਰਾਸਤ ’ਚ ਲਏ ਗਏ ਲੋਕਾਂ  ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਜੰਗਲੀ ਜੀਵ ਸੁਰੱਖਿਆ ਕਾਨੂੰਨ 1982 ਤਹਿਤ ਕਾਰਵਾਈ ਕੀਤੀ ਜਾਵੇਗੀ। ਸੱਪ ਹੈਲਪਲਾਈਨ ਦੇ ਕਨਵੀਨਰ ਸ਼ੁਭੇਂਦੁ ਮਲਿਕ ਨੇ ਕਿਹਾ ਕਿ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਸੱਪ ਤੇਜ਼ ਆਵਾਜ਼ ’ਚ ਵੱਜ ਰਹੇ ਸੰਗੀਤ ਦੀ ਵਜ੍ਹਾ ਨਾਲ ਡਰਿਆ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਪੇਰੇ ਨੇ ਕੋਬਰਾ ਦੇ ਜ਼ਹਿਰ ਦੇ ਦੰਦ ਵੀ ਕੱਢ ਦਿੱਤੇ ਹੋਣਗੇ, ਜੋ ਗੈਰ-ਕਾਨੂੰਨੀ ਹੈ। ਮੈਂ ਇਸ ਤਰ੍ਹਾਂ ਦੇ ਗੰਭੀਰ ਕੰਮ ਕਰਨ ਦੇਣ ਲਈ ਲਾੜੇ ਅਤੇ ਉਸ ਦੇ ਪਿਤਾ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ। ਇਹ ਦੇਸ਼ ’ਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ। 

Tanu

This news is Content Editor Tanu