ਐੱਨ. ਐੱਚ. 74 ਘਪਲਾ : 8 ਫਰਾਰ ਮੁਲਜ਼ਮਾਂ ''ਚੋਂ 5 ਅੰਮ੍ਰਿਤਸਰ ਦੇ

01/18/2018 12:48:49 PM

ਦੇਹਰਾਦੂਨ— ਉੱਤਰਾਖੰਡ ਦੇ 300 ਕਰੋੜ ਰੁਪਏ ਤੋਂ ਜ਼ਿਆਦਾ ਦੇ ਐੱਨ. ਐੱਚ. 74 ਘਪਲੇ ਵਿਚ ਪੰਜਾਬ ਦੇ ਜਿਨ੍ਹਾਂ 8 ਲੋਕਾਂ ਨੂੰ ਊਧਮ ਸਿੰਘ ਨਗਰ ਪੁਲਸ ਨੇ ਫਰਾਰ ਐਲਾਨਿਆ ਹੈ,ਉਨ੍ਹਾਂ ਵਿਚੋਂ 5 ਅੰਮ੍ਰਿਤਸਰ ਰਾਜਾਸਾਂਸੀ ਹਵਾਈ ਅੱਡੇ ਨੇੜੇ ਕੰਬੋ ਥਾਣਾ ਇਲਾਕੇ ਦੇ ਹੇਰ ਪਿੰਡ ਦੇ ਰਹਿਣ ਵਾਲੇ ਹਨ। ਇਹ ਪੰਜ ਹੀ ਕਿਸਾਨ ਹਨ ਅਤੇ ਸਕੇ ਭਰਾ ਹਨ। ਪੁਲਸ ਰਿਕਾਰਡ ਮੁਤਾਬਕ ਇਕ ਮੁਲਜ਼ਮ ਲਾਲਪੁਰ ਕੁੰਡਾ ਅਤੇ ਦੋ ਗਿੰਨੀ ਖੇੜਾ ਦੇ ਰਹਿਣ ਵਾਲੇ ਹਨ। ਇਨ੍ਹਾਂ ਸਭ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕਾ ਹੈ। ਜਗ ਬਾਣੀ ਦੀ ਇਸ ਖਬਰ ਦੇ ਬਾਅਦ ਕਿ ਐੱਨ. ਐੱਚ. 74 ਘਪਲੇ ਦੇ ਦੋਸ਼ੀ ਵਿਦੇਸ਼ ਭੱਜ ਗਏ ਹਨ। ਪੁਲਸ ਅਤੇ ਸਿਆਸੀ ਹਲਕਿਆਂ ਵਿਚ ਹੜਕੰਪ ਮਚਣ ਦੇ ਨਾਲ-ਨਾਲ ਹਲਚਲ ਵੀ ਤੇਜ਼ ਹੋ ਗਈ ਹੈ। ਸਾਰੇ ਫਰਾਰ ਮੁਲਜ਼ਮ ਊਧਮ ਸਿੰਘ ਨਗਰ ਜ਼ਿਲੇ ਦੇ ਸਿਤਾਰਗੰਜ ਇਲਾਕੇ ਵਿਚ ਰਹਿ ਰਹੇ ਸਨ। ਜਿਥੇ ਉਨ੍ਹਾਂ ਦੀ ਜਾਇਦਾਦ ਹੈ। ਜਦੋਂ ਪੁਲਸ ਉਥੋਂ ਵਾਰੰਟ ਤਾਮੀਲ ਕਰਵਾਉਣ ਗਈ ਤਾਂ ਕੋਈ ਨਹੀਂ ਮਿਲਿਆ। ਇਨ੍ਹਾਂ ਸਾਰੇ ਮੁਲਜ਼ਮਾਂ 'ਤੇ ਹੇਰਾਫੇਰੀ ਕਰਕੇ 8 ਤੋਂ 10 ਕਰੋੜ ਰੁਪਏ ਪ੍ਰਤੀ ਵਿਅਕਤੀ ਮੁਆਵਜ਼ੇ ਵਜੋਂ ਠੱਗ ਕੇ ਫਰਾਰ ਹੋਣ ਦਾ ਦੋਸ਼ ਹੈ। ਪੁਲਸ ਜਾਇਦਾਦ ਕੁਰਕ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਸਾਰੇ ਮੁਲਜ਼ਮ ਜਾਂ ਤਾਂ ਭੇਸ ਬਦਲ ਕੇ ਦੇਸ਼ ਵਿਚ ਹੀ ਕਿਤੇ ਲੁਕੇ ਹੋਏ ਹਨ ਜਾਂ ਵਿਦੇਸ਼ ਭੱਜ ਗਏ ਹਨ।
ਜਿਨ੍ਹਾਂ ਲੋਕਾਂ ਦੇ ਨਾਂ ਅਜੇ ਤੱਕ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ ਅਜਮੇਰ ਸਿੰਘ, ਗੁਰਮੇਲ ਸਿੰਘ, ਸੁਖਦੇਵ ਸਿੰਘ, ਸੁਖਵੰਤ ਸਿੰਘ ਅਤੇ ਸਤਨਾਮ ਸਿੰਘ ਸਕੇ ਭਰਾ ਹਨ। ਇਹ ਗੁਰਚਰਨ ਸਿੰਘ ਦੇ ਪੁੱਤਰ ਹਨ। 6ਵਾਂ ਮੁਲਜ਼ਮ ਦਿਲਬਾਗ ਸਿੰਘ ਪੁੱਤਰ ਰਤਨ ਸਿੰਘ ਪਿੰਡ ਲਾਲਪੁਰ ਕੁੰਡਾ ਦਾ ਰਹਿਣ ਵਾਲਾ ਦੱਸਿਆ ਗਿਆ ਹੈ, ਜਦਕਿ ਦੋ ਮੁਲਜ਼ਮ ਸੰਦੀਪ ਪੁੱਤਰ ਜਸਪਾਲ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਸਕੱਤਰ ਸਿੰਘ ਗਿੰਨੀ ਖੇੜਾ ਆਈ. ਟੀ. ਆਈ.ਦਾ ਰਹਿਣ ਵਾਲਾ ਹੈ।