22 ਖਤਰਨਾਕ ਅੱਤਵਾਦੀ ਮਿਆਂਮਾਰ ਨੇ ਭਾਰਤ ਨੂੰ ਸੌਂਪੇ

05/15/2020 6:23:56 PM

ਨੇਪੀਡਾਊ (ਬਿਊਰੋ): ਪੂਰਬੀ ਉੱਤਰੀ ਭਾਰਤ ਵਿਚ ਅੱਤਵਾਦੀ ਸੰਗਠਨਾਂ ਦੇ ਵਿਰੁੱਧ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਰਣਨੀਤੀ ਰੰਗ ਲਿਆਂਦੀ ਦਿਖਾਈ ਦੇ ਰਹੀ ਹੈ। ਹਾਲ ਹੀ ਵਿਚ ਮਿਆਂਮਾਰ ਨੇ ਇਸ ਖੇਤਰ ਵਿਚ ਸਰਗਰਮ 22 ਅੱਤਵਾਦੀ ਭਾਰਤ ਨੂੰ ਸੌਂਪੇ ਹਨ। ਇਹਨਾਂ ਅੱਤਵਾਦੀਆਂ ਨੂੰ ਮਿਆਂਮਾਰ ਦੀ ਫੌਜ ਨੇ ਮੁਕਾਬਲੇ ਦੌਰਾਨ ਫੜਿਆ ਸੀ। ਇੱਥੇ ਦੱਸ ਦਈਏ ਕਿ ਭਾਰਤ ਵਿਚ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਅਦ ਇਹ ਖਤਰਨਾਕ ਅੱਤਵਾਦੀ ਸੀਮਾ ਪਾਰ ਕਰਕੇ ਮਿਆਂਮਾਰ ਵਿਚ ਦਾਖਲ ਹੋ ਜਾਂਦੇ ਸੀ।

ਅੱਤਵਾਦੀਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ
ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੇ ਮੁਤਾਬਕ ਇਹਨਾਂ 22 ਅੱਤਵਾਦੀਆਂ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਭਾਰਤ ਲਿਆਂਦਾ ਗਿਆ ਹੈ। ਇਹਨਾਂ ਅੱਤਵਾਦੀਆਂ ਨੂੰ ਮਣੀਪੁਰ ਅਤੇ ਅਸਮ ਦੀ ਪੁਲਸ ਨੂੰ ਸੌਂਪਿਆ ਜਾਵੇਗਾ ਜਿੱਥੇ ਇਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਨਾਲ ਪਤਾ ਚੱਲਦਾ ਹੈ ਕਿ ਭਾਰਤ ਅਤੇ ਮਿਆਂਮਾਰ ਦੇ ਵਿਚ ਸੰਬੰਧਾਂ ਵਿਚ ਮਜ਼ਬੂਤੀ ਆਈ ਹੈ।

ਮਿਆਂਮਾਰ ਸਰਕਾਰ ਨੇ ਪਹਿਲੀ ਵਾਰ ਚੁੱਕਿਆ ਇਹ ਕਦਮ
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਇਸ ਆਪਰੇਸ਼ਨ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਜਹਾਜ਼ ਜ਼ਰੀਏ ਭਾਰਤ ਲਿਆਂਦੇ ਗਏ ਇਹਨਾਂ ਅੱਤਵਾਦੀਆਂ ਵਿਚੋਂ ਕੁਝ ਨੂੰ ਪਹਿਲਾਂ ਮਣੀਪੁਰ ਦੀ ਰਾਜਧਾਨੀ ਇੰਫਾਲ ਵਿਚ ਉਤਾਰਿਆ ਜਾਵੇਗਾ। ਬਚੇ ਹੋਏ ਅੱਤਵਾਦੀਆਂ ਨੂੰ ਗੁਵਾਹਾਟੀ ਵਿਚ ਸਥਾਨਕ ਪੁਲਸ ਨੂੰ ਸੌਂਪਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮਿਆਂਮਾਰ ਸਰਕਾਰ ਨੇ ਪੂਰਬੀ ਉੱਤਰੀ ਬਾਗੀ ਸਮੂਹਾਂ ਦੇ ਨੇਤਾਵਾਂ ਨੂੰ ਸੌਂਪਣ ਦੀ ਭਾਰਤ ਦੀ ਅਪੀਲ 'ਤੇ ਕੰਮ ਕੀਤਾ ਹੈ।

ਮਿਲਟਰੀ ਸੰਬੰਧਾਂ 'ਚ ਆਈ ਮਜ਼ਬੂਤੀ
ਇੱਥੇ ਦੱਸ ਦਈਏ ਕਿ ਅਜੀਤ ਡੋਭਾਲ ਦੀ ਅਗਵਾਈ ਵਿਚ ਭਾਰਤ ਅਤੇ ਮਿਆਂਮਾਰ ਦੇ ਵਿਚ ਮਿਲਟਰੀ ਸੰਬੰਧ ਪਹਿਲਾਂ ਨਾਲੋਂ ਜ਼ਿਆਦਾ ਡੂੰਘੇ ਹੋਏ ਹਨ। 2018 ਵਿਚ ਭਾਰਤੀ ਫੌਜ ਨੇ ਮਿਆਂਮਾਰ ਫੌਜ ਦੇ ਸਹਿਯੋਗ ਨਾਲ ਪੂਰਬੀ ਉੱਤਰੀ ਹਿੱਸੇ ਵਿਚ ਇਕ ਸਰਜੀਕਲ ਸਟ੍ਰਾਈਕ ਅੰਜਾਮ ਦਿੱਤੀ ਸੀ। ਇਸ ਵਿਚ ਵੱਡੀ ਗਿਣਤੀ ਵਿਚ ਅੱਤਵਾਦੀ ਮਾਰੇ ਗਏ ਸਨ। ਇਹ ਸਾਰੇ ਅੱਤਵਾਦੀ ਭਾਰਤ ਵੱਲੋਂ ਬਣਾਏ ਜਾ ਰਹੇ ਅਭਿਲਾਸ਼ੀ ਸੜਕ ਨਿਰਮਾਣ ਪ੍ਰਾਜੈਕਟ ਪ੍ਰਕਿਰਿਆ ਵਿਚ ਬਾਰ-ਬਾਰ ਰੁਕਾਵਟ ਪਾ ਰਹੇ ਸਨ।

ਇਹ ਅੱਤਵਾਦੀ ਹਨ ਸ਼ਾਮਿਲ
ਮਿਆਂਮਾਰ ਤੋਂ ਭਾਰਤ ਦੇ ਹਵਾਲੇ ਕੀਤੇ ਗਏ ਅੱਤਵਾਦੀਆਂ ਵਿਚ UNLF, PREPAK (Pro), KYKL ਅਤੇ PLA ਨਾਲ ਸਬੰਧਤ ਹਨ। ਬਾਕੀ ਬਚੇ 10 ਦਾ ਸੰਬੰਧ ਅਸਮ ਗਰੁੱਪ ਦੇ NDFB (S) and KLO ਨਾਲ ਹੈ। ਅੱਤਵਾਦੀਆਂ ਵਿਚ ਇਕ NDFB (S) ਦਾ ਕਥਿਤ ਗ੍ਰਹਿ ਸਕੱਤਰ ਰਾਜੇਨ ਡਾਇਮਰੀ, UNLF ਦਾ ਕੈਪਟਨ ਸਨਤੋਮਬਾ ਨਿੰਗਥੌਜਮ ਦੇ ਇਲਾਵਾ ਇਕ ਹੋਰ ਅੱਤਵਾਦੀ ਸੰਗਠਨ ਦਾ ਕਮਾਂਡਰ ਪਰਸ਼ੁਰਾਮ ਲੇਸ਼ਰਾਮ ਸ਼ਾਮਲ ਹੈ। ਇਹਨਾਂ 22 ਬਾਗੀਆਂ ਵਿਚੋਂ 4 ਮਣੀਪੁਰ ਦੇ ਬਾਗੀ ਗੁੱਟਾਂ ਦੇ ਮੈਂਬਰ ਹਨ ਜਦਕਿ ਬਾਕੀ 10 ਅਸਮ ਦੇ ਬਾਗੀ ਗੁੱਟਾਂ ਦਾ ਸਰਗਰਮ ਮੈਂਬਰ ਹਨ।

ਮਿਆਂਮਾਰ ਦੇ ਨਾਲ ਭਾਰਤ ਦੀ 1600 ਕਿਲੋਮੀਟਰ ਦੀ ਸੀਮਾ ਸੰਘਣੇ ਜੰਗਲਾਂ ਨਾਲ ਢਕੀ ਹੈ। ਇਸ ਦੇ ਇਲਾਵਾ ਇੱਥੇ ਸਥਿਤ ਨਦੀ-ਨਾਲੇ ਸੁਰੱਖਿਆ ਕਰਮੀਆਂ ਦੀ ਗਸ਼ਤ ਵਿਚ ਰੁਕਾਵਟ ਬਣਦੇ ਹਨ। ਇਸ ਦਾ ਫਾਇਦਾ ਇੱਥੋਂ ਦੇ ਅੱਤਵਾਦੀ ਸੰਗਠਨ ਉਠਾਉਂਦੇ ਹਨ। ਉਹ ਆਪਣੀ ਅਪਰਾਧਿਕ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਖੁਫੀਆ ਰਸਤਿਆਂ ਜ਼ਰੀਏ ਸੀਮਾ ਪਾਰ ਕਰ ਕੇ ਮਿਆਂਮਾਰ ਪਹੁੰਚ ਜਾਂਦੇ ਹਨ।
 

Vandana

This news is Content Editor Vandana