‘ਪੰਡਿਤ’ ਕਹਿਣ ਤੋਂ ਰੋਕਿਆ ਤਾਂ ਪਹਿਲਾਂ ਮਾਰੀ ਗੋਲੀ ਫਿਰ ਬਾਇਕ ਨੂੰ ਲਾ ਦਿੱਤੀ ਅੱਗ

11/25/2019 12:57:59 AM

ਮੁਜੱਫਰਪੁਰ — ਬਿਹਾਰ ਦੇ ਮੁਜ਼ੱਫਰਪੁਰ ਵਿਚ ਮੁਲਜ਼ਮਾਂ ਨੇ ਸਿਰਫ਼ ਪੰਡਤ ਕਹਿਣ ਦੇ ਵਿਵਾਦ ਵਿਚ ਇਕ ਨੌਜਵਾਨ ਨੂੰ ਨਾ ਸਿਰਫ ਗੋਲੀ ਮਾਰ ਦਿੱਤੀ ਸਗੋਂ ਉਸ ਦੀ ਬਾਇਕ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਜ਼ਿਲੇ ਦੇ ਅਹਿਆਪੁਰ ਥਾਣੇ ਦੇ ਆਦਰਸ਼ ਨਗਰ ਦੀ ਹੈ। ਗੋਲੀ ਸੋਨੂੰ ਨਾਮੀ ਇਕ ਨੌਜਵਾਨ ਦੇ ਪੈਰ ਵਿਚ ਲੱਗੀ ਹੈ, ਜੋ ਬੈਰਿਆ ਸਥਿਤ ਇਕ ਨਿੱਜੀ ਨਰਸਿੰਗ ਹੋਮ ਵਿਚ ਇਲਾਜ ਅਧੀਨ ਹੈ, ਉਥੇ ਹੀ ਬਾਇਕ ਚਲਾ ਰਹੇ ਦੂਜੇ ਨੌਜਵਾਨ ਜੈ ਪ੍ਰਕਾਸ਼ ਨੇ ਭੱਜ ਕੇ ਆਪਣੀ ਜਾਨ ਬਚਾਈ।

ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਸ਼ਾਮ ਨੂੰ ਜੈ ਪ੍ਰਕਾਸ਼ ਆਪਣੇ ਦੋਸਤ ਸੋਨੂੰ ਨੂੰ ਬਾਇਕ ਉੱਤੇ ਲੈ ਕੇ ਆਦਰਸ਼ ਨਗਰ ਤੋਂ ਨਿਕਲਿਆ ਸੀ। ਉਸੇ ਸਮੇਂ ਇਕ ਨੀਲੀ ਅਪਾਚੇ ਬਾਈਕ ਉੱਤੇ ਸਵਾਰ 2 ਨੌਜਵਾਨ ਆਏ ਅਤੇ ਜੈ ਪ੍ਰਕਾਸ਼ ਨੂੰ ‘ਪੰਡਤ ਜੀ-ਪੰਡਿਤ ਜੀ’ ਕਹਿ ਕੇ ਚਿੜਾਉਣ ਲੱਗੇ। ਜੈ ਪ੍ਰਕਾਸ਼ ਦੇ ਪਿਤਾ ਕਰਮ-ਕਾਂਡੀ ਬ੍ਰਾਹਮਣ ਹਨ ਪਰ ਬੇਟੇ ਨੂੰ ਪੰਡਤ ਜੀ ਕਹਿਣ ਦਾ ਜਦੋਂ ਦੋਵਾਂ ਨੇ ਵਿਰੋਧ ਕੀਤਾ ਤਾਂ ਇਸ ਗੱਲ ਉੱਤੇ ਵਿਵਾਦ ਵਧ ਗਿਆ। ਇਸ ਤੋਂ ਬਾਅਦ ਅਪਾਚੇ ਸਵਾਰ ਨੌਜਵਾਨਾਂ ਨੇ ਕੱਟਾ (ਦੇਸੀ ਪਿਸਤੌਲ) ਕੱਢ ਲਿਆ ਤਾਂ ਜੈ ਪ੍ਰਕਾਸ਼ ਅਤੇ ਸੋਨੂੰ ਡਰ ਗਏ। ਉਨ੍ਹਾਂ ਨੇ ਕੱਟਾ ਤਾਣ ਦਿੱਤਾ ਤਾਂ ਉਹ ਦੋਵੇਂ ਭੱਜਣ ਲੱਗੇ। ਹੋਈ ਫਾਇਰਿੰਗ ਦੌਰਾਨ ਜੈ ਪ੍ਰਕਾਸ਼ ਤਾਂ ਬਚ ਗਿਆ ਪਰ ਪਿੱਛੇ ਬੈਠੇ ਸੋਨੂੰ ਦੇ ਪੈਰ ਵਿਚ ਗੋਲੀ ਲੱਗ ਗਈ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਜੈ ਪ੍ਰਕਾਸ਼ ਦੀ ਬਾਈਕ ਉੱਤੇ ਬੰਬ ਮਾਰ ਦਿੱਤਾ, ਜਿਸ ਨਾਲ ਉਸ ਦੀ ਬਾਈਕ ਮੌਕੇ ਉੱਤੇ ਹੀ ਸੜ ਗਈ। ਜੈ ਪ੍ਰਕਾਸ਼ ਦੇ ਰੌਲਾ ਪਾਉਣ ਉੱਤੇ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਥੇ ਹੀ ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਸਾਰੇ ਲੜਕੇ ਸਮੈਕ ਦੇ ਕੰਮ ਨਾਲ ਜੁਡ਼ੇ ਹਨ ਅਤੇ ਲੈਣ-ਦੇਣ ਦੇ ਵਿਵਾਦ ਵਿਚ ਗੋਲੀ ਚੱਲੀ ਹੈ।


Inder Prajapati

Content Editor

Related News