ਤਿੰਨ ਤਲਾਕ ''ਤੇ ਪ੍ਰਸਤਾਵਿਤ ਕਾਨੂੰਨ ਨਾਲ ਮੁਸਲਿਮ ਔਰਤਾਂ ਖੁਸ਼

12/17/2017 4:39:36 PM

ਲਖਨਊ— ਨਰਿੰਦਰ ਮੋਦੀ ਮੰਤਰੀ ਮੰਡਲ ਦੇ ਤਿੰਨ ਤਲਾਕ ਨਾਲ ਸੰਬੰਧਤ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਸਵਾਗਤ ਕਰਦੇ ਹੋਏ ਆਸ ਜ਼ਾਹਰ ਕੀਤੀ ਹੈ ਕਿ ਇਸ ਨੂੰ ਜਲਦ ਹੀ ਕਾਨੂੰਨ ਦੀ ਸ਼ਕਲ ਦੇ ਦਿੱਤੀ ਜਾਵੇਗੀ। ਆਲ ਇੰਡੀਆ ਮੁਸਲਿਮ ਮਹਿਲਾ ਪਰਸਨਲ ਬੋਰਡ ਦੀ ਚੇਅਰਪਰਸਨ ਸ਼ਾਇਸਤਾ ਅੰਬਰ ਨੇ ਮੰਤਰੀ ਮੰਡਲ ਦੇ ਪ੍ਰਸਤਾਵ ਦਾ ਸਵਾਗਤ ਕਰਦੇ ਹੋਏ ਮੰਗ ਕੀਤੀ ਕਿ ਹਿੰਦੂ ਮੈਰਿਜ ਐਕਟ ਦੀ ਤਰ੍ਹਾਂ ਸੰਵਿਧਾਨ ਦੀ ਧਾਰਾ 14 ਨੂੰ ਆਧਾਰ ਬਣਾਉਂਦੇ ਹੋਏ ਮੁਸਲਿਮ ਮੈਰਿਜ ਦਾ ਵੀ ਕੋਡੀਫਿਕੇਸ਼ਨ ਹੋਵੇ ਅਤੇ ਨਿਕਹਾਨਾਮੇ ਦਾ ਰਜਿਸਟਰੇਸ਼ਨ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਕ ਵਾਰ 'ਚ ਤਿੰਨ ਤਲਾਕ ਬੋਲਣ ਵਾਲਿਆਂ ਦੇ ਵਿਰੁੱਧ ਸਖਤ ਸਜ਼ਾ ਅਤੇ ਜ਼ੁਰਮਾਨੇ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੁਸਲਿਮ ਔਰਤਾਂ ਦੇ ਸਮਾਜਿਕ ਨਿਆਂ 'ਤੇ ਆਧਾਰਤ ਕਿਸੇ ਵੀ ਕਾਨੂੰਨ ਦਾ ਸਵਾਗਤ ਕੀਤਾ ਜਾਵੇਗਾ। ਇਸਲਾਮਿਕ ਮਾਮਲਿਆਂ ਦੀ ਸਕਾਲਰ ਨਾਈਸ਼ ਹਸਨ ਨੇ ਕਿਹਾ ਕਿ ਮੋਦੀ ਸਰਕਾਰ ਦਾ ਪ੍ਰਸਤਾਵ ਮੁਸਲਿਮ ਔਰਤਾਂ ਦੀ ਮਿਹਨਤ ਦਾ ਨਤੀਜਾ ਹੈ। ਨਾਈਸ਼ ਨੇ ਕਿਹਾ ਕਿ ਉਹ ਸਮਾਜਿਕ ਨਿਆਂ 'ਤੇ ਆਧਾਰਤ ਕਿਸੇ ਵੀ ਇਨਸਾਫ ਪਸੰਦ ਕਾਨੂੰਨ ਦਾ ਸਵਾਗਤ ਕਰੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਮੁਸਲਿਮ ਫੈਮਿਲੀ ਲਾਅ ਦਾ ਕੋਡੀਫਿਕੇਸ਼ਨ ਵੀ ਕੀਤਾ ਜਾਣਾ ਚਾਹੀਦਾ। ਭਾਜਪਾ ਨੇਤਾ ਰੂਮਾਨਾ ਸਿੱਦੀਕੀ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਦਾ ਸਵਾਗਤ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਪ੍ਰਸਤਾਵਿਤ ਕਾਨੂੰਨ 'ਚ ਸਜ਼ਾ ਅਤੇ ਜ਼ੁਰਮਾਨੇ ਦੀ ਵਿਵਸਥਾ ਵੀ ਜ਼ਰੂਰੀ ਹੋਵੇਗੀ।