ਕੋਰੋਨਾ : ਮੁੰਬਈ ’ਚ ਰੇਲਵੇ ਸਟੇਸ਼ਨ ’ਤੇ ਲੱਗੀ ਭੀੜ, ਮਜ਼ਦੂਰ ਕਰ ਰਹੇ ਨੇ ਪਲਾਇਨ

03/21/2020 11:45:42 AM

ਮੁੰਬਈ— ਕੋਰੋਨਾ ਵਾਇਰਸ ਕਾਰਨ ਦੇਸ਼ ਭਰ ’ਚ ਦਹਿਸ਼ਤ ਦਾ ਮਾਹੌਲ ਹੈ। ਭਾਰਤ ’ਚ ਕੋਰੋਨਾ ਵਾਇਰਸ ਵਧਦਾ ਜਾ ਰਿਹਾ ਹੈ। ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ’ਚ ਹਨ, ਜਿੱਥੇ 63 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਚਾਰ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਹੈ। ਇਨ੍ਹਾਂ ’ਚ ਮੁੰਬਈ, ਪੁਣੇ, ਪਿੰਪਰੀ ਚਿੰਚਵਾੜ ਅਤੇ ਨਾਗਪੁਰ ਸ਼ਾਮਲ ਹਨ। ਜਿਸ ਤੋਂ ਬਾਅਦ ਮੁੰਬਈ ਅਤੇ ਪੁਣੇ ਦੇ ਹਜ਼ਾਰਾਂ ਮਜ਼ਦੂਰਾਂ ਨੇ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਆਟੋ-ਰਿਕਸ਼ਾ ਅਤੇ ਟੈਕਸੀ ਡਰਾਈਵਰ ਵੀ ਰੇਲਵੇ ਕਾਊਂਟਰਾਂ ’ਤੇ ਆਪਣੇ ਘਰ ਵਾਪਸ ਜਾਣ ਲਈ ਜੁੱਟੇ ਹੋਏ ਹਨ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਹਨ। 

PunjabKesari

ਮੁੰਬਈ ਦੇ ਲੋਕਮਾਨਯ ਤਿਲਕ ਟਰਮੀਨਸ ’ਚ ਵੱਡੀ ਗਿਣਤੀ ’ਚ ਲੋਕ ਆਪਣੀਆਂ-ਆਪਣੀਆਂ ਟਰੇਨਾਂ ਵਿਚ ਸਵਾਰ ਹੋਣ ਦੀ ਉਡੀਕ ਕਰ ਰਹੇ ਹਨ। ਟਰੇਨ ਦੀ ਉਡੀਕ ਕਰ ਰਹੇ ਇਕ ਯਾਤਰੀ ਨੇ ਕਿਹਾ ਕਿ ਟਰੇਨਾਂ ’ਚ ਜ਼ਿਆਦਾ ਭੀੜ ਹੋਣ ਕਾਰਨ ਮੇਰੇ ਕੋਲ ਕਨਫਰਮ ਟਿਕਟ ਹੋਣ ਦੇ ਬਾਵਜੂਦ ਸੀਟ ਨਹੀਂ ਮਿਲੀ। ਮੇਰੇ ਮਾਤਾ-ਪਿਤਾ ਨੇ ਮੈਨੂੰ ਕੋਰੋਨਾ ਵਾਇਰਸ ਕਾਰਨ ਵਾਪਸ ਪਰਤ ਜਾਣ ਲਈ ਕਿਹਾ ਹੈ। ਇੱਥੇ ਦੱਸ ਦੇਈਏ ਕਿ ਇਕ ਪਾਸੇ ਜਿੱਥੇ ਵਾਇਰਸ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ, ਉੱਥੇ ਹੀ ਮਜ਼ਦੂਰਾਂ ਦੇ ਘਰ ਵਾਪਸੀ ਲਈ ਇਕੱਠਾ ਹੋਣ ਨਾਲ ਸਿਹਤ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ-ਆਪਣੇ ਘਰਾਂ ’ਤੇ ਪਰਤਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਟਰੇਨਾਂ-ਬੱਸਾਂ ਬੰਦ ਹੋ ਜਾਣਗੀਆਂ ਅਤੇ ਉਹ ਅਜਿਹਾ ਹੋਣ ਤੋਂ ਪਹਿਲਾਂ ਸ਼ਹਿਰ ਛੱਡਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਵੀ ਲੋਕਮਾਨਯ ਤਿਲਕ ਟਰਮੀਨਸ ’ਤੇ ਯਾਤਰੀਆਂ ਦੀ ਭੀੜ ਕਾਰਨ ਅਫੜਾ-ਦਫੜੀ ਦਾ ਮਾਹੌਲ ਸੀ। ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਸੁਰੱਖਿਆ ਫੋਰਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। 

ਇਹ ਵੀ ਪੜ੍ਹੋ : ਕੋਰੋਨਾ ਦਾ ਵੱਧ ਰਿਹੈ ਖਤਰਾ, ਭਾਰਤ ਵਿਚ 'ਕੋਵਿਡ-19' ਦੇ ਮਾਮਲੇ 250 ਹੋਏ


Tanu

Content Editor

Related News