ਮੁੰਬਈ : ਇਮਾਰਤ 'ਚ ਅੱਗ ਲੱਗਣ ਕਾਰਨ 1 ਦੀ ਮੌਤ, 14 ਲੋਕ ਬਚਾਏ ਗਏ

07/21/2019 4:32:43 PM

ਮੁੰਬਈ (ਭਾਸ਼ਾ)— ਮੁੰਬਈ ਵਿਚ ਤਾਜ ਮਹੱਲ ਪੈਲੇਸ ਹੋਟਲ ਦੇ ਪਿੱਛੇ ਸਥਿਤ ਇਕ 4 ਮੰਜ਼ਿਲਾ ਇਮਾਰਤ 'ਚ ਐਤਵਾਰ ਨੂੰ ਅੱਗ ਲੱਗ ਗਈ, ਜਿਸ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਝੁਲਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਨੂੰ ਚਰਚਿਲ ਚੈਂਬਰ ਨਾਮੀ ਇਮਾਰਤ ਵਿਚ ਅੱਗ ਲੱਗ ਗਈ, ਜਿਥੋਂ 14 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਮ੍ਰਿਤਕ ਦੀ ਪਛਾਣ 54 ਸਾਲਾ ਸ਼ਿਆਮ ਅਈਅਰ ਦੇ ਰੂਪ ਵਿਚ ਹੋਈ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਮੇਰੀ ਵੈਦਰ ਰੋਡ ਸਥਿਤ 4 ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਹੁਣ ਤਕ 14 ਲੋਕਾਂ ਨੂੰ ਬਚਾਇਆ ਹੈ। ਬਚਾਏ ਗਏ ਲੋਕਾਂ ਨੂੰ ਧੂੰਏਂ ਕਾਰਨ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਮੁਤਾਬਕ ਇਮਾਰਤ ਅੰਦਰ ਕੁਝ ਲੋਕ ਫਸੇ ਹੋਏ ਹਨ। ਅੱਗ ਬੁਝਾਉਣ ਅਤੇ ਬਚਾਅ ਮੁਹਿੰਮ ਦਾ ਕੰਮ ਜਾਰੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Tanu

This news is Content Editor Tanu