ਮੁੰਬਈ ਬਰਿੱਜ ਹਾਦਸਾ: 60 ਸੈਕਿੰਡ ਦੇ ਰੈੱਡ ਸਿਗਨਲ ਨੇ ਬਚਾਈ ਕਈ ਲੋਕਾਂ ਦੀ ਜਾਨ

03/15/2019 10:00:36 AM

ਮੁੰਬਈ— ਦੱਖਣੀ ਮੁੰਬਈ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮਿਨਲਜ਼ (ਸੀ.ਐੱਸ.ਐੱਮ.ਟੀ.) ਰੇਲਵੇ ਸਟੇਸ਼ਨ ਕੋਲ ਵੀਰਵਾਰ ਸ਼ਾਮ ਇਕ ਫੁੱਟਓਵਰ ਬਰਿੱਜ ਦਾ ਵੱਡਾ ਹਿੱਸਾ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 34 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਸਮੇਂ ਕੁਰਰਾ ਰੋਡ 'ਤੇ ਰੈੱਡ ਸਿਗਨਲ (ਲਾਲ ਬੱਤੀ) ਸੀ। ਜੇਕਰ ਉਸ ਸਮੇਂ 60 ਸੈਕਿੰਡ ਦੀ ਲਾਲ ਬੱਤੀ ਨਾ ਹੁੰਦੀ ਤਾਂ ਪੀੜਤਾਂ ਦੀ ਗਿਣਤੀ ਵਧ ਸਕਦੀ ਸੀ। ਅਜਿਹੇ 'ਚ ਗਰੀਨ ਸਿਗਨਲ (ਹਰੀ ਬੱਤੀ) ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਇਹ ਲੱਕੀ ਸਾਬਤ ਹੋਇਆ। ਵੀਰਵਾਰ ਸ਼ਾਮ ਕਰੀਬ 7.30 ਵਜੇ ਪੁੱਲ ਦਾ ਹਿੱਸਾ ਡਿੱਗ ਗਿਆ। ਦੱਸਣਯੋਗ ਹੈ ਕਿ ਪ੍ਰਸਿੱਧ ਸੀ.ਐੱਸ.ਐੱਮ.ਟੀ. ਸਟੇਸ਼ਨ ਨਾਲ ਸਥਿਤ ਇਸ ਪੁੱਲ ਨੂੰ ਆਮ ਤੌਰ 'ਤੇ 'ਕਸਾਬ ਪੁੱਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਉਂਕਿ 26/11 ਮੁੰਬਈ ਅੱਤਵਾਦੀ ਹਮਲੇ ਦੌਰਾਨ ਅੱਤਵਾਦੀ ਇਸ ਪੁੱਲ ਤੋਂ ਹੋ ਕੇ ਲੰਘੇ ਸਨ। ਇਹ ਪੁੱਲ ਰੇਲਵੇ ਸਟੇਸ਼ਨ ਨੂੰ ਆਜ਼ਾਦ ਮੈਦਾਨ ਪੁਲਸ ਸਟੇਸ਼ਨ ਨਾਲ ਜੋੜਦਾ ਹੈ।ਚੰਗਾ ਹੋਇਆ ਸਿਗਨਲ ਲਾਲ ਸੀ
ਸਿਗਨਲ 'ਤੇ ਇੰਤਜ਼ਾਰ ਕਰ ਰਹੇ ਇਕ ਚਸ਼ਮਦੀਦ ਨੇ ਦੱਸਿਆ,''ਅਸੀਂ ਕਾਫ਼ੀ ਬੇਸਬਰੀ ਨਾਲ ਲਾਲ ਬੱਤੀ ਦੇ ਹਰੀ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਬੱਤੀ ਹਰੀ ਹੁੰਦੀ, ਉਸ ਤੋਂ ਪਹਿਲਾਂ ਹੀ ਬਰਿੱਜ ਦਾ ਹਿੱਸਾ ਲੋਕਾਂ ਸਮੇਤ ਡਿੱਗ ਗਿਆ। ਜੇਕਰ ਪਹਿਲਾਂ ਹੀ ਬੱਤੀ ਹਰੀ ਹੋ ਜਾਂਦੀ ਤਾਂ ਹਾਲਾਤ ਹੋਰ ਵੀ ਭਿਆਨ ਹੋ ਜਾਂਦੇ।'' ਉਨ੍ਹਾਂ ਨੇ ਕਿਹਾ,''ਉਸ ਸਮੇਂ ਪੂਰੀ ਮੁੰਬਈ ਤੋਂ ਲੋਕ ਸੀ.ਐੱਸ.ਐੱਮ.ਟੀ. ਦੇ ਕੋਲ ਆਪਣੇ ਘਰਾਂ ਵੱਲ ਵਾਪਸ ਆ ਰਹੇ ਹੁੰਦੇ ਹਨ। ਅਸੀਂ ਵੀ ਜਲਦ ਤੋਂ ਜਲਦ ਘਰ ਪਹੁੰਚਣਾ ਚਾਹੁੰਦੇ ਸੀ ਪਰ ਹੁਣ ਅਜਿਹਾ ਲੱਗਦਾ ਹੈ ਕਿ ਚੰਗਾ ਹੋਇਆ ਸਿਗਨਲ ਲਾਲ ਸੀ। ਨਹੀਂ ਤਾਂ ਮੈਂ ਵੀ ਜ਼ਖਮੀ ਹੋ ਜਾਂਦਾ।'' ਉਨ੍ਹਾਂ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ ਤਾਂ ਇਕ ਟੈਕਸੀ ਡਰਾਈਵਰ ਕੋਲ ਹੀ ਸੀ। ਉਹ ਤਾਂ ਬਚ ਗਏ ਪਰ ਉਨ੍ਹਾਂ ਦੀ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ। ਹਾਦਸੇ ਤੋਂ ਬਾਅਦ ਸੜਕ 'ਤੇ ਗੱਡੀਆਂ ਰੁਕ ਗਈਆਂ ਸਨ। ਆਫਤ ਪ੍ਰਬੰਧਨ ਸੈੱਲ ਦੇ ਅਧਿਕਾਰੀ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲਾਂ 'ਚ ਲਿਜਾਇਆ ਗਿਆ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਵੀਰਵਾਰ ਸਵੇਰੇ ਪੁੱਲ 'ਤੇ ਮੁਰੰਮਤ ਕੰਮ ਚੱਲ ਰਿਹਾ ਸੀ, ਇਸ ਦੇ ਬਾਵਜੂਦ ਇਸ ਦੀ ਵਰਤੋਂ ਕੀਤੀ ਗਈ।

DIsha

This news is Content Editor DIsha