ਮੁੰਬਈ 'ਚ 4 ਮੰਜ਼ਲਾ ਇਮਾਰਤ ਢਹਿ-ਢੇਰੀ, 12 ਲੋਕਾਂ ਦੀ ਮੌਤ, ਬਚਾਅ ਕੰਮ ਜਾਰੀ

07/16/2019 3:52:21 PM

ਮੁੰਬਈ— ਮੁੰਬਈ ਦੇ ਡੋਂਗਰੀ ਇਲਾਕੇ 'ਚ ਮੰਗਲਵਾਰ ਨੂੰ ਇਕ 4 ਮੰਜ਼ਲਾ ਇਮਾਰਤ ਡਿੱਗ ਗਈ। ਇਮਾਰਤ ਦੇ ਮਲਬੇ ਹੇਠ 40 ਤੋਂ 50 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਮੌਕੇ ਦੇ ਫਾਇਰ ਬ੍ਰਿਗੇਡ ਅਤੇ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਪਹੁੰਚ ਗਈਆਂ ਹਨ। ਰਾਹਤ ਅਤੇ ਬਚਾਅ ਕੰਮ ਚਲਾਇਆ ਜਾ ਰਿਹਾ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬ ਕੇ 12 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕਾਂ ਨੂੰ ਬਚਾਇਆ ਗਿਆ ਹੈ। ਮਲਬੇ ਹੇਠਾਂ ਦੱਬੇ ਬਾਕੀ ਲੋਕਾਂ ਨੂੰ ਬਚਾਉਣ ਲਈ ਬਚਾਅ ਕੰਮ ਜਾਰੀ ਹੈ। ਐੱਨ. ਡੀ. ਆਰ. ਐੱਫ. ਮੁਤਾਬਕ ਤੰਗ ਗਲੀ ਹੋਣ ਕਾਰਨ ਬਚਾਅ ਕੰਮ 'ਚ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਓਧਰ ਬੀ. ਐੱਮ. ਸੀ. ਮੁਤਾਬਕ ਅੱਜ ਦੁਪਹਿਰ 11 ਵਜ ਕੇ 48 ਮਿੰਟ 'ਤੇ ਡੋਂਗਰੀ ਇਲਾਕੇ ਵਿਚ ਸਥਿਤ ਕੇਸਰਬਾਈ ਨਾਂ ਦੀ ਇਮਾਰਤ ਡਿੱਗ ਗਈ।

ਇਹ ਇਮਾਰਤ ਅਬਦੁੱਲ ਹਮੀਦ ਸ਼ਾਹ ਦਰਗਾਹ ਦੇ ਪਿੱਛੇ ਹੈ ਅਤੇ ਕਾਫੀ ਪੁਰਾਣੀ ਹੈ। ਇਕ ਚਸ਼ਮਦੀਦ ਮੁਤਾਬਕ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਸ ਵਿਚ 15 ਪਰਿਵਾਰ ਰਹਿੰਦੇ ਹਨ। ਜਦੋਂ ਇਮਾਰਤ ਡਿੱਗੀ ਤਾਂ ਇਸ 'ਚ 40 ਲੋਕ ਮੌਜੂਦ ਸਨ। ਬਚਾਅ ਟੀਮਾਂ ਨੇ ਇਕ ਬੱਚੇ ਨੂੰ ਜ਼ਿੰਦਾ ਬਚਾਇਆ ਹੈ। ਬਾਕੀ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਬੀ. ਐੱਮ. ਸੀ. ਵਲੋਂ ਇਕ ਸ਼ੈਲਟਰ ਹੋਮ ਖੋਲ੍ਹਿਆ ਗਿਆ ਹੈ, ਜਿੱਥੇ ਇਸ ਇਮਾਰਤ ਦੇ ਵਾਸੀਆਂ ਦੇ ਠਹਿਰਣ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦਰਮਿਆਨ ਬੀ. ਐੱਮ. ਸੀ. ਦੀ ਇਕ ਚਿੱਠੀ ਵੀ ਸਾਹਮਣੇ ਆਈ ਹੈ, ਜਿਸ ਵਿਚ ਇਮਾਰਤ ਨੂੰ ਸੀ1 ਸ਼੍ਰੇਣੀ ਦਾ ਦੱਸਿਆ ਗਿਆ ਹੈ। ਯਾਨੀ ਕਿ ਇਸ ਇਮਾਰਤ ਨੂੰ ਖਤਰਨਾਕ ਦੱਸਿਆ ਗਿਆ ਅਤੇ 7 ਅਗਸਤ 2017 ਨੂੰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ।

ਓਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਹੈ ਕਿ ਇਹ 100 ਸਾਲ ਪੁਰਾਣੀ ਇਮਾਰਤ ਹੈ, ਇੱਥੇ ਰਹਿਣ ਵਾਲੀ ਵਸਨੀਕਾਂ ਨੂੰ ਇਸ ਇਮਾਰਤ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਫਿਲਹਾਲ ਸਾਡਾ ਫੋਕਸ ਲੋਕਾਂ ਨੂੰ ਬਚਾਉਣ 'ਤੇ ਹੈ। ਜਦੋਂ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ।

Tanu

This news is Content Editor Tanu