ਮੁੰਬਈ ''ਚ ਟਰੇਨ ''ਚੋਂ ਮਿਲੀ ਧਮਾਕਾਖੇਜ਼ ਸਮੱਗਰੀ

06/06/2019 1:54:51 AM

ਮੁੰਬਈ,(ਏਜੰਸੀਆਂ): ਮੁੰਬਈ ਦੇ ਲੋਕਮਾਨਯਾ ਤਿਲਕ ਕੁਰਲਾ ਟਰਮੀਨਸ ਵਿਖੇ ਕੋਲਕਾਤਾ ਤੋਂ ਪਹੁੰਚੀ ਸ਼ਾਲੀਮਾਰ ਐਕਸਪ੍ਰੈੱਸ 'ਚ ਧਮਾਕਾਖੇਜ਼ ਸਮੱਗਰੀ ਮਿਲਣ ਨਾਲ ਸਨਸਨੀ ਫੈਲ ਗਈ। ਨਵੀ ਮੁੰਬਈ ਦੇ ਇਕ ਪੁਲ 'ਤੇ ਅੱਤਵਾਦੀ ਸੰਗਠਨ ਆਈ. ਐੱਸ. ਦੇ ਸੰਦੇਸ਼ ਲਿਖੇ ਜਾਣ ਤੋਂ ਇਕ ਦਿਨ ਬਾਅਦ ਵਾਪਰੀ ਇਸ ਘਟਨਾ ਕਾਰਨ ਮੁੰਬਈ 'ਚ ਦਹਿਸ਼ਤ ਵਾਲਾ ਮਾਹੌਲ ਹੈ। ਟਰੇਨ 'ਚੋਂ ਧਮਾਕਾਖੇਜ਼ ਸਮੱਗਰੀ ਮਿਲਦਿਆਂ ਹੀ ਪੂਰਾ ਸਟੇਸ਼ਨ ਖਾਲੀ ਕਰਵਾ ਲਿਆ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਟਰੇਨ 'ਚੋਂ ਮਿਲੇ ਬਕਸਿਆਂ 'ਚੋਂ ਜਿਲੇਟਨ ਦੀਆਂ ਛੜਾਂ ਵਰਗੀ ਧਮਾਕਾਖੇਜ਼ ਸਮੱਗਰੀ ਮਿਲੀ ਪਰ ਪੁਲਸ ਦਾ ਕਹਿਣਾ ਹੈ ਕਿ ਇਹ ਸਮੱਗਰੀ ਇਕ ਪਾਊਡਰ ਦੇ ਰੂਪ 'ਚ ਸੀ। ਧਮਾਕਾ ਕਰਨ ਲਈ ਕਾਰ ਤੇ ਬੈਟਰੀ ਵੀ ਮਿਲੀ। ਐੱਫ. ਐੱਸ. ਐੱਲ. ਟੀਮ ਇਹ ਪਤਾ ਲਾਉਣ ਲਈ ਬੁੱਧਵਾਰ ਰਾਤ ਤੱਕ ਸਰਗਰਮ ਸੀ ਕਿ ਬਾਕਸ 'ਚ ਕਿਹੋ ਜਿਹੀ ਧਮਾਕਾਖੇਜ਼ ਸਮੱਗਰੀ ਹੈ। ਮਹਾਰਾਸ਼ਟਰ ਏ. ਟੀ. ਐੱਸ. ਵਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।

ਅੱਤਵਾਦੀ ਕਰਤੂਤ ਦੇ ਡਰ ਕਾਰਨ ਮੁੰਬਈ 'ਚ ਅਲਰਟ ਜਾਰੀ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਚੈਕਿੰਗ ਵਧਾ ਦਿੱਤੀ ਗਈ ਹੈ। ਉਕਤ ਟਰੇਨ ਬੁੱਧਵਾਰ ਸਵੇਰੇ 7 ਵਜੇ ਪਹੁੰਚੀ ਸੀ। ਟਰੇਨ ਦੇ ਖਾਲੀ ਹੋਣ ਪਿੱਛੋਂ ਜਦੋਂ ਮੁਲਾਜ਼ਮ ਡੱਬਿਆਂ ਦੀ ਸਫਾਈ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਸੀਟ ਦੇ ਹੇਠੋਂ ਇਕ ਸ਼ੱਕੀ ਬਾਕਸ ਮਿਲਿਆ, ਜਿਸ ਬਾਰੇ ਉਨ੍ਹਾਂ ਪੁਲਸ ਨੂੰ ਦੱਸਿਆ। ਨਾਲ ਹੀ ਇਕ ਨੋਟ ਵੀ ਮਿਲਿਆ ਹੈ, ਜਿਸ 'ਚ ਭਾਜਪਾ ਪ੍ਰਤੀ ਧਮਕੀ ਭਰੇ ਸੰਦੇਸ਼ ਲਿਖੇ ਹੋਏ ਹਨ।
 


Related News